ਲੁਧਿਆਣਾ : 19 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਅਰਦਾਸ ਕਰਾਂ' ਨੂੰ ਦੇਸ਼ ਵਿਦੇਸ਼ ਵਿੱਚ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣ ਵਾਲੀ ਇਸ ਫ਼ਿਲਮ ਨੂੰ ਗੁਰਦੁਆਰਾ ਮਾਡਲ ਗ੍ਰਾਮ ਵੱਲੋਂ ਮੁਫ਼ਤ 'ਚ ਸੋਲੀਟੇਅਰ ਮਾਲ ਵਿਖੇ ਵਿਖਾਇਆ ਗਿਆ।
ਐਤਵਾਰ ਨੂੰ ਸਾਰਾ ਦਿਨ ਇਸ ਫ਼ਿਲਮ ਦੇ ਫ਼੍ਰੀ ਸ਼ੋਅ ਚੱਲੇ ਅਤੇ ਸੰਗਤਾਂ ਨੂੰ ਲੰਗਰ ਵੀ ਛਕਾਇਆ ਗਿਆ। ਫ਼ਿਲਮ ਦੀ ਸਟਾਰਕਾਸਟ ਵੀ ਇਸ ਮੌਕੇ ਮੌਜੂਦ ਰਹੀ। ਫ਼ਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਸਰਦਾਰ ਸੋਹੀ ਨੇ ਮੀਡੀਆ ਦੇ ਸਨਮੁੱਖ ਹੁੰਦਿਆ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬੀ ਇੰਡਸਟਰੀ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ। ਇਸ ਮੌਕੇ ਅਦਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਪਹਿਲੀ ਵਾਰ ਵੇਖਿਆ ਕਿ ਇੱਕ ਮਾਲ ਦੇ ਵਿੱਚ ਲੰਗਰ ਵਰਤਾਇਆ ਜਾ ਰਿਹਾ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਫ਼ਿਲਮ 'ਅਰਦਾਸ ਕਰਾਂ' 2016 ਦੇ ਵਿੱਚ ਆਈ ਫ਼ਿਲਮ ਅਰਦਾਸ ਦਾ ਸੀਕੁਅਲ ਹੈ। ਇਹ ਫ਼ਿਲਮ ਜ਼ਿੰਦਗੀ ਜੀਉਣ ਦਾ ਸਲੀਕਾ ਸਿਖਾਉਂਦੀ ਹੈ।