ਚੰਡੀਗੜ੍ਹ 19 ਜੁਲਾਈ ਨੂੰ ਪਾਲੀਵੁੱਡ ਦੀ ਫ਼ਿਲਮ 'ਅਰਦਾਸ ਕਰਾਂ' ਸਿਨੇਮਾ ਘਰਾਂ ਦਾ ਸ਼ਿੰਘਾਰ ਬਣਨ ਜਾ ਰਹੀ ਹੈ। ਉੱਥੇ ਹੀ ਬਾਲੀਵੁੱਡ ਦੀ ਫ਼ਿਲਮ "family of thankurganj" ਵੀ ਇਸੇ ਹੀ ਦਿਨ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ਦੇ ਵਿੱਚ ਮਾਹੀ ਗਿੱਲ, ਜਿਮੀ ਸ਼ੇਰਗਿੱਲ ਅਤੇ ਗਿੱਪੀ ਗਰੇਵਾਲ ਆਮੋ ਸਾਹਮਣੇ ਹੋਣ ਗਏ। ਦੱਸ ਦਈਏ ਫ਼ਿਲਮ "family of thankurganj" ਦੇ ਵਿੱਚ ਮਾਹੀ ਗਿੱਲ ਅਤੇ ਜਿਮੀ ਸ਼ੇਰਗਿੱਲ ਦੀ ਜੋੜੀ ਵੇਖਣ ਨੂੰ ਮਿਲੇਗੀ। ਉੱਥੇ ਹੀ 'ਅਰਦਾਸ ਕਰਾਂ'ਦੇ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਕਈ ਹੋਰ ਪੰਜਾਬੀ ਇੰਡਸਟਰੀ ਦੇ ਦਿੱਗਜ਼ ਕਲਾਕਾਰ ਨਜ਼ਰ ਆਉਂਣਗੇ।
ਇੱਕ ਵੇਲਾ ਸੀ ਜਦੋਂ ਗਿੱਪੀ ਗਰੇਵਾਲ ਨੇ ਆਪਣਾ ਫ਼ਿਲਮੀ ਸਫ਼ਰ ਜਿਮੀ ਸ਼ੇਰਗਿੱਲ ਦੀ ਫ਼ਿਲਮ 'ਮੇਲ ਕਰਾਦੇ ਰਬਾ' ਤੋਂ ਕੀਤਾ ਸੀ। 2010 ਦੇ ਵਿੱਚ ਜਦੋਂ ਇਹ ਫ਼ਿਲਮ ਆਈ ਸੀ ਤਾਂ ਗਿੱਪੀ ਗਰੇਵਾਲ ਇਸ ਫ਼ਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ।
ਉੱਥੇ ਹੀ ਦੂਜੇ ਪਾਸੇ ਸਾਲ 2012 ਦੇ ਵਿੱਚ ਮਾਹੀ ਗਿੱਲ ਨੇ ਫ਼ਿਲਮ 'ਕੈਰੀ ਆਨ ਜੱਟਾ' ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ ਮੁੱਖ ਭੂਮਿਕਾ ਦੇ ਵਿੱਚ ਕੰਮ ਕੀਤਾ ਸੀ। ਇਹ ਫ਼ਿਲਮ ਮਾਹੀ ਦੇ ਪਾਲੀਵੁੱਡ ਕਰੀਅਰ ਦੀ ਸਭ ਤੋਂ ਹਿੱਟ ਫ਼ਿਲਮ ਸਾਬਿਤ ਹੋਈ ਸੀ। ਇਸ ਫ਼ਿਲਮ ਤੋਂ ਬਾਅਦ ਮਾਹੀ ਨੂੰ ਸਿਨੇਮਾ ਜਗਤ ਦੇ ਵਿੱਚ ਕਾਮਯਾਬੀ ਮਿਲੀ ਸੀ।
2010 ਅਤੇ 2012 ਦੇ ਇਨ੍ਹਾਂ ਕਿਸਿਆਂ ਤੋਂ ਬਾਅਦ ਇਹ ਵੇਖਣਾ ਹੋਰ ਵੀ ਦਿਲਚਸਪ ਹੋਵੇਗਾ ਕਿ ਇੱਕਠੇ ਕੰਮ ਕਰਨ ਵਾਲੇ ਇਹ ਕਲਾਕਾਰ ਜਦੋਂ ਅੱਜ 2019 ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਆਮੋ-ਸਾਹਮਣੇ ਹੋਣਗੇ ਤਾਂ ਦਰਸ਼ਕ ਕਿਹੜੀ ਫ਼ਿਲਮ ਨੂੰ ਜ਼ਿਆਦਾ ਪਸੰਦ ਕਰਨਗੇ।
ਕਾਬਿਲ-ਏ-ਗੌਰ ਹੈ ਕਿ "family of thankurganj" ਇੱਕ ਹਿੰਦੀ ਫ਼ਿਲਮ ਹੈ ਅਤੇ 'ਅਰਦਾਸ ਕਰਾਂ' ਪੰਜਾਬੀ ਫ਼ਿਲਮ, ਪਰ ਦੋਹਾਂ ਫ਼ਿਲਮਾਂ ਦੇ ਕਲਾਕਾਰਾਂ ਦੀ ਜ਼ਿਆਦਾ ਫ਼ੈਨ ਫੋਲੋਵਿੰਗ ਪੰਜਾਬ ਦੇ ਵਿੱਚ ਹੈ। ਵੇਖਣਾ ਇਹ ਹੋਵੇਗਾ ਕਿਹੜੀ ਫ਼ਿਲਮ ਜ਼ਿਆਦਾ ਚੰਗਾ ਪ੍ਰਦਰਸ਼ਨ ਕਰਦੀ ਹੈ।