ਚੰਡੀਗੜ੍ਹ : ਪੰਜਾਬੀ ਵਿਰਸੇ ਨੂੰ ਦਰਸਾਉਂਦੀ ਫ਼ਿਲਮ 'ਮੁਕਲਾਵਾ' 24 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਹ ਫ਼ਿਲਮ ਇਕ ਪੀਰੀਅਡ ਫ਼ਿਲਮ ਹੈ ਜੋ ਪੰਜਾਬ ਦੇ ਉਸ ਦੌਰ ਨੂੰ ਵਿਖਾਉਂਦੀ ਹੈ ਜਦੋਂ ਵਿਆਹ ਤੋਂ ਪਹਿਲਾਂ ਲਾੜੀ ਅਤੇ ਲਾੜੇ ਨੂੰ ਮਿਲਣ ਵੀ ਨਹੀਂ ਸੀ ਦਿੱਤਾ ਜਾਂਦਾ।
ਕਹਾਣੀ: ਇਹ ਕਹਾਣੀ ਆਧਾਰਿਤ ਹੈ ਦੋ ਜੋੜੀਆਂ ਦਰਿਸ਼ਟੀ ਗਰੇਵਾਲ ਅਤੇ ਸਰਬਜੀਤ ਚੀਮਾ ,ਐਮੀ ਵਿਰਕ ਅਤੇ ਸੋਨਮ ਬਾਜਵਾ 'ਤੇ। ਦਰਿਸ਼ਟੀ ਗਰੇਵਾਲ ਅਤੇ ਸਰਬਜੀਤ ਚੀਮਾ ਦਾ ਵਿਆਹ ਹੋਣ ਵਾਲਾ ਹੁੰਦਾ ਹੈ ਅਤੇ ਐਮੀ ਵਿਰਕ ਦਾ ਰਿਸ਼ਤਾ ਸੋਨਮ ਬਾਜਵਾ ਨਾਲ ਹੋ ਚੁੱਕਿਆ ਹੁੰਦਾ ਹੈ। ਐਮੀ ਵਿਆਹ ਤੋਂ ਪਹਿਲਾਂ ਸੋਨਮ ਨੂੰ ਮਿਲਣਾ ਚਾਹੁੰਦਾ ਹੈ। ਉਹ ਕੋਸ਼ਿਸ਼ਾਂ ਕਰਦਾ ਹੈ ਮਿਲਣ ਦੀਆਂ ਪਰ ਉਸ ਦਾ ਨਤੀਜਾ ਇਹ ਹੁੰਦਾ ਹੈ ਕਿ ਦੋਹਾਂ ਜੋੜੀਆਂ ਦੇ ਵਿਆਹ ਮੁਸੀਬਤ 'ਚ ਪੈ ਜਾਂਦੇ ਹਨ।
ਅਦਾਕਾਰੀ: ਇਸ ਫ਼ਿਲਮ 'ਚ ਸਾਰੇ ਹੀ ਕਲਾਕਾਰਾਂ ਦੀ ਅਦਾਕਾਰੀ ਬਹੁਤ ਵਧੀਆ ਹੈ। ਸੋਨਮ ਅਤੇ ਐਮੀ ਦੀ ਜੋੜੀ ਹਰ ਵਾਰ ਦੀ ਤਰ੍ਹਾਂ ਇਸ ਫ਼ਿਲਮ 'ਚ ਵੀ ਫ਼ਬ ਰਹੀ ਹੈ। ਦਰਿਸ਼ਟੀ ਗਰੇਵਾਲ ਦੇ ਐਕਸਪ੍ਰੈਸ਼ਨ ਉਨ੍ਹਾਂ ਦੇ ਕਿਰਦਾਰ ਨੂੰ ਚਾਰ ਚੰਦ ਲਗਾਉਂਦੇ ਵਿਖਾਈ ਦੇ ਰਹੇ ਹਨ। ਇਸ ਫ਼ਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਗੁਰਪ੍ਰੀਤ ਘੁੱਗੀ , ਕਰਮਜੀਤ ਅਨਮੋਲ, ਬੀ.ਐਨ ਸ਼ਰਮਾ, ਨਿਰਮਲ ਰਿਸ਼ੀ ਹੋਰਾਂ ਦੀ ਅਦਾਕਾਰੀ ਵੀ ਕਾਬਿਲ-ਏ-ਤਾਰਿਫ਼ ਹੈ।
ਮਿਊਜ਼ਿਕ
: ਫ਼ਿਲਮ ਦੇ ਗੀਤ ਜਿਸ ਦਿਨ ਵੀ ਰਿਲੀਜ਼ ਹੋਏ ਸਾਰੇ ਹੀ ਗੀਤ ਯੂਟਿਊਬ ਟਰੇਂਡਿੰਗ 'ਚ ਆਏ ,ਫ਼ਿਲਮ ਤੋਂ ਵੱਖ ਪ੍ਰਮੋਸ਼ਨਲ ਗੀਤ 'ਵੰਗ ਦਾ ਨਾਪ' ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ।
ਖੂਬੀਆਂ ਅਤੇ ਕਮੀਆਂ : ਇਸ ਫ਼ਿਲਮ 'ਚ ਕਮੀ ਇਹ ਹੈ ਕਿ ਪੀਰੀਅਡ ਫ਼ਿਲਮਾਂ ਪੰਜਾਬੀ ਇੰਡਸਟਰੀ 'ਚ ਬਹੁਤ ਬਣ ਰਹੀਆਂ ਹਨ। ਜਿਸ ਕਾਰਨ ਦਰਸ਼ਕ ਕੁਝ ਵੱਖਰਾ ਵੇਖਣਾ ਚਾਹੁੰਦੇ ਹਨ। ਇਕ ਖੂਬੀਂ ਫ਼ਿਲਮ ਦੀ ਇਹ ਹੈ ਕਿ ਇਸ ਫ਼ਿਲਮ ਨੂੰ ਵੇਖ ਕੇ ਬਜ਼ੁਰਗਾਂ ਅਤੇ 90 ਦੇ ਦਸ਼ਕ ਦੇ ਜੋੜਿਆਂ ਨੂੰ ਆਪਣਾ ਟਾਇਮ ਤੇ ਵਿਆਹ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ। ਪੀਰੀਅਡ ਫ਼ਿਲਮ 'ਤੇ ਆਧਾਰਿਤ ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਬਾਖ਼ੂਬੀ ਢੰਗ ਦੇ ਨਾਲ ਕੀਤਾ ਹੈ। ਈਟੀਵੀ ਭਾਰਤ ਇਸ ਫ਼ਿਲਮ ਨੂੰ ਦੇ ਰਿਹਾ 5 ਵਿੱਚੋਂ 3.5 ਸਟਾਰ।