ਮੁੰਬਈ :ਬਾਲੀਵੁੱਡ ਦੀ ਡਰਾਮਾ ਕੁਈਨ ਕਹੀ ਜਾਣ ਵਾਲੀ ਰਾਖੀ ਸਾਵੰਤ ਦਾ ਜਨਮ ਦਿਨ 25 ਨਵੰਬਰ ਨੂੰ ਹੁੰਦਾ ਹੈ। ਰਾਖੀ ਸਾਵੰਤ ਇੱਕ ਅਜਿਹੀ ਕਲਾਕਾਰ ਹੈ ਜੋ ਡਰਾਮੇਬਾਜੀ ਲਈ ਜਾਣੀ ਜਾਂਦੀ ਹੈ। ਕੋਈ ਵੀ ਮੁੱਦਾ ਹੋਵੇ ਉਹ ਆਪਣੇ ਬਿਆਨਾਂ ਦੇ ਨਾਲ ਚਰਚਾ 'ਚ ਆ ਹੀ ਜਾਂਦੀ ਹੈ। ਮੀਡੀਆ ਦਾ ਧਿਆਨ ਆਪਣੇ ਵੱਲ ਕਿਵੇਂ ਕੇਂਦਰਿਤ ਕਰਨਾ ਹੈ ਇਹ ਉਹ ਚੰਗੀ ਤਰ੍ਹਾਂ ਜਾਣਦੀ ਹੈ।
ਫ਼ਿਲਮ 'ਅਗਨੀ ਚੱਕਰ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਰਾਖੀ ਨੇ ਬਾਲੀਵੁੱਡ 'ਚ ਕਈ ਹਿੱਟ ਆਈਟਮ ਗੀਤਾਂ 'ਤੇ ਪੇਸ਼ਕਾਰੀ ਦਿੱਤੀ ਹੈ। ਮੀਡੀਆ ਦੇ ਵਿੱਚ ਆਪਣੇ ਬਿਆਨਾਂ ਕਰਕੇ ਤਾਂ ਉਹ ਚਰਚਾ ਵਿੱਚ ਰਹੀ ਹੀ ਹੈ। ਇਸ ਤੋਂ ਇਲਾਵਾ ਰਾਖੀ ਸਾਵੰਤ ਦਾ ਪਹਿਰਾਵਾ ਵੀ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ।
ਰਾਖੀ ਸਾਵੰਤ ਨੇ ਆਈਟਮ ਗੀਤਾਂ ਤੋਂ ਇਲਾਵਾ ਟੀਵੀ 'ਚ ਕਈ ਰਿਐਲੇਟੀ ਸ਼ੋਅ ਵੀ ਕੀਤੇ ਹਨ। ਇਨ੍ਹਾਂ ਵਿੱਚ 'ਰਾਖੀ ਕਾ ਸਵੰਬਰ' ਸਭ ਤੋਂ ਚਰਚਿਤ ਸ਼ੋਅ ਰਿਹਾ ਹੈ। ਇਹ ਰਿਐਲੇਟੀ ਸ਼ੋਅ 2009 ਦੇ ਵਿੱਚ ਆਇਆ ਸੀ। ਇਸ ਸ਼ੋਅ ਦੇ ਜੇਤੂ ਇਲੇਸ਼ ਨਾਲ ਰਾਖੀ ਨੇ ਮੰਗਣੀ ਕਰਵਾਈ ਸੀ ਅਤੇ ਉਸ ਤੋਂ ਕੁਝ ਮਹੀਨੇ ਬਾਅਦ ਉਸ ਨੂੰ ਛੱਡ ਦਿੱਤਾ ਸੀ। ਦੱਸ ਦਈਏ ਕਿ ਮੀਡੀਆ ਰਿਪੋਰਟਾਂ ਮੁਤਾਬਿਕ ਰਾਖੀ ਦੀ ਪ੍ਰਾਪਰਟੀ 'ਚ ਮੁੰਬਈ ਦੇ ਦੋ ਫ਼ਲੈਟ ਅਤੇ ਇੱਕ ਬੰਗਲਾ ਸ਼ਾਮਲ ਹੈ ਜਿਸ ਦੀ ਕੀਮਤ 11 ਕਰੋੜ ਰੁਪਏ ਹੈ।
ਇਨ੍ਹਾਂ ਹੀ ਨਹੀਂ ਇੰਟਰਨੈਟ 'ਤੇ ਮੌਜੂਦ ਅੰਕੜਿਆਂ ਮੁਤਾਬਕ ਰਾਖੀ ਕਰੀਬ 15 ਕਰੋੜ ਦੀ ਸੰਪਤੀ ਦੀ ਮਾਲਕ ਹੈ। ਇਹ ਸੰਪਤੀ ਉਸ ਨੇ ਆਪ ਬਣਾਈ ਹੈ। ਰਾਖੀ ਦੀ ਕਮਾਈ ਜ਼ਿਆਦਾਤਰ ਸਟੇਜ ਸ਼ੋਅਜ਼ ਤੋਂ ਆਉਂਦੀ ਹੈ।
ਰਾਖੀ ਬਿਗ ਬੌਸ ਤੋਂ ਇਲਾਵਾ ਨੱਚ ਬਲੀਏ 3, ਯੇ ਹੈ ਜਲਵਾ ਵਰਗੇ ਰਿਐਲੇਟੀ ਸ਼ੋਅ 'ਚ ਨਜ਼ਰ ਆ ਚੁੱਕੀ ਹੈ।