ਮੁੰਬਈ: ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ 1924 ਨੂੰ ਹੋਇਆ ਸੀ। ਵਾਜਪਾਈ ਇੱਕ ਅਜਿਹੀ ਸਖ਼ਸ਼ੀਅਤ ਦੇ ਮਾਲਕ ਸਨ ਜੋ ਰਾਜਨੀਤੀ ਤੋਂ ਇਲਾਵਾ ਸਾਹਿਤ, ਕਵੀਤਾਵਾਂ ਅਤੇ ਫ਼ਿਲਮਾਂ ਵਿੱਚ ਵੀ ਰੁਚੀ ਰੱਖਦੇ ਸਨ। ਉਹ ਦਿੱਗਜ਼ ਕਲਾਕਾਰ ਦਿਲੀਪ ਕੁਮਾਰ ਦੇ ਬਹੁਤ ਕਰੀਬ ਸਨ। ਦੋਵੇਂ ਇੰਨੇ ਕਰੀਬ ਸਨ ਕਿ ਇੱਕ ਵਾਰ ਦਿਲੀਪ ਕੁਮਾਰ ਨੇ ਪਾਕਿਸਤਾਨੀ ਪੀਐਮ ਨੂੰ ਵਾਜਪਾਈ ਕਰਕੇ ਡਾਂਟ ਦਿੱਤਾ ਸੀ। ਉਸ ਵੇਲੇ ਕਾਰਗਿਲ ਦਾ ਯੁੱਧ ਸ਼ੁਰੂ ਹੋਇਆ ਸੀ।
ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਦੀ ਕਿਤਾਬ 'neither a hawk nor a dove' 'ਚ ਲਿਖਿਆ ਹੈ ਕਿ ਇੱਕ ਵਾਰ ਜਦੋਂ ਜੰਗ ਖ਼ਤਮ ਕਰਨ ਦੇ ਲਈ ਅਟਲ ਬਿਹਾਰੀ ਵਾਜਪਾਈ ਨੇ ਪਾਕਿਸਤਾਨ ਦੇ ਪੀਐਮ ਨਵਾਜ਼ ਸ਼ਰੀਫ ਨੂੰ ਫ਼ੋਨ ਕੀਤਾ ਸੀ ਅਤੇ ਉਨ੍ਹਾਂ ਦੀ ਗੱਲ ਦਿਲੀਪ ਕੁਮਾਰ ਨਾਲ ਕਰਵਾਈ ਸੀ। ਨਵਾਜ਼ ਦਿਲੀਪ ਕੁਮਾਰ ਦੀ ਅਵਾਜ਼ ਸੁਣ ਕੇ ਹੈਰਾਨ ਹੋ ਗਏ ਸਨ। ਗੱਲਬਾਤ ਵੇਲੇ ਅਟਲ ਬਿਹਾਰੀ ਵਾਜਪਾਈ ਨੇ ਆਪਣੀ ਲਾਹੌਰ ਫੇਰੀ ਦਾ ਜ਼ਿਕਰ ਕਰਦਿਆਂ ਸ਼ਰੀਫ ਦੀ ਕਾਰਗਿਲ ਜੰਗ ਦੀ ਨਿੰਦਾ ਕੀਤੀ ਸੀ। ਇਸ ਤੋਂ ਜਲਦੀ ਬਾਅਦ ਅਟਲ ਜੀ ਨੇ ਦਿਲੀਪ ਕੁਮਾਰ ਨੂੰ ਫੋਨ ਦਿੱਤਾ ਅਤੇ ਨਵਾਜ਼ ਸ਼ਰੀਫ ਨਾਲ ਗੱਲ ਕਰਨ ਲਈ ਕਿਹਾ।
ਦਿਲੀਪ ਕੁਮਾਰ ਨੇ ਨਵਾਜ਼ ਸ਼ਰੀਫ ਨੂੰ ਕਿਹਾ, "ਮੀਆਂ ਸਾਹਿਬ ਸਾਨੂੰ ਤੁਹਾਡੇ ਪਾਸੋਂ ਅਜਿਹੀ ਉਮੀਦ ਨਹੀਂ ਸੀ, ਕਿਉਂਕਿ ਤੁਸੀਂ ਹਮੇਸ਼ਾ ਕਿਹਾ ਸੀ ਕਿ ਤੁਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਚਾਹੁੰਦੇ ਹੋ।" ਦਿਲੀਪ ਕੁਮਾਰ ਨੇ ਅਟਲ ਬਿਹਾਰੀ ਵਾਜਪਾਈ ਜੀ ਦੇ ਕਹਿਣ 'ਤੇ ਨਵਾਜ਼ ਸ਼ਰੀਫ ਨਾਲ ਗੱਲਬਾਤ ਕੀਤੀ ਅਤੇ ਕਿਹਾ,"ਮੈਂ ਤੁਹਾਨੂੰ ਇੱਕ ਭਾਰਤੀ ਮੁਸਲਮਾਨ ਵਜੋਂ ਦੱਸਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਦੀ ਸਥਿਤੀ ਵਿੱਚ ਭਾਰਤੀ ਮੁਸਲਮਾਨ ਬਹੁਤ ਅਸੁਰੱਖਿਅਤ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ।"
ਜ਼ਿਕਰਯੋਗ ਹੈ ਕਿ ਦਿਲੀਪ ਕੁਮਾਰ ਸਾਲ 1997 ਵਿੱਚ ਅਟਲ ਜੀ ਨਾਲ ਬੱਸ ਰਾਹੀਂ ਲਾਹੌਰ ਵੀ ਗਏ ਸਨ। ਉਸੇ ਸਾਲ ਪਾਕਿਸਤਾਨ ਨੇ ਵੀ ਦਿਲੀਪ ਨੂੰ 'ਨਿਸ਼ਾਨ- ਏ- ਇਮਤਿਆਜ਼' ਖ਼ਿਤਾਬ ਨਾਲ ਸਨਮਾਨਤ ਕੀਤਾ ਸੀ।