ਹੈਦਰਾਬਾਦ: ਤੇਲੰਗਾਨਾ ਸਰਕਾਰ ਨੇ ਸੋਮਵਾਰ ਨੂੰ ਫ਼ਿਲਮ ਤੇ ਟੈਲੀਵਿਜ਼ਨ ਪ੍ਰੋਗਰਾਮਾਂ ਦੀ ਸ਼ੂਟਿੰਗ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਨਾਲ ਹੀ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਫ਼ਿਲਮਾਂ ਤੇ ਟੈਲੀਵਿਜ਼ਨ ਦੀ ਸ਼ੂਟਿੰਗ ਕਰਨ ਸਮੇਂ ਜ਼ਿਆਦਾ ਵਰਕਰ ਨਹੀਂ ਹੋਣੇ ਚਾਹੀਦੇ, ਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਸਾਰੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸ਼ੂਟਿੰਗ ਕਰਨੀ ਪਵੇਗੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪੋਸਟ ਪ੍ਰੋ਼ਡਕਸ਼ਨ ਦੇ ਕੰਮ ਨੂੰ ਵੀ ਸ਼ੁਰੂ ਕਰਨ ਲਈ ਕਿਹਾ ਹੈ।
ਦੱਸ ਦੇਈਏ ਕਿ ਸਰਕਾਰ ਵੱਲੋਂ ਸਿਰਫ਼ ਸ਼ੂਟਿੰਗ ਦੀ ਆਗਿਆ ਦਿੱਤੀ ਗਈ ਹੈ ਪਰ ਹਾਲੇ ਤੱਕ ਥ੍ਰਿਏਟਰਾਂ ਨੂੰ ਖੋਲ੍ਹਣ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਤੇਲਗੂ ਫ਼ਿਲਮਾਂ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ ਫ਼ਿਲਮਾਂ ਤੇ ਟੀਵੀ ਪ੍ਰੋਗਰਾਮਾਂ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਕਰ ਦੇਣ ਤੇ ਇਸ ਦੇ ਨਾਲ ਹੀ ਪੋਸਟ ਪ੍ਰੋਡਕਸ਼ਨ ਦਾ ਵੀ ਕੰਮ ਸ਼ੁਰੂ ਕਰ ਦੇਣ, ਜਿਸ ਤੋਂ ਬਾਅਦ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਫ਼ਿਲਮਾਂ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।