ਮੁੰਬਈ: ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਫ਼ਿਲਮ ਨਿਰਮਾਤਾ ਰੂਮੀ ਜਾਫਰੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ।
ਈਡੀ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ, "ਅਸੀਂ ਜਾਫਰੀ ਨੂੰ ਭਲਕੇ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੇ ਤਹਿਤ ਆਪਣਾ ਬਿਆਨ ਦਰਜ ਕਰਨ ਲਈ ਸੰਮਨ ਭੇਜਿਆ ਹੈ।" ਅਧਿਕਾਰੀ ਨੇ ਕਿਹਾ ਕਿ ਏਜੰਸੀ ਜਾਫਰੀ ਤੋਂ ਉਸ ਜਾਣਕਾਰੀ ਬਾਰੇ ਪੁੱਛੇਗੀ ਜੋ ਮਰਹੂਮ ਅਦਾਕਾਰ ਨੇ ਉਸ ਨਾਲ ਸਾਂਝੀ ਕੀਤੀ ਸੀ।
ਜਾਫਰੀ ਨੇ ਕਈ ਮੌਕਿਆਂ 'ਤੇ ਕਿਹਾ ਹੈ ਕਿ ਸੁਸ਼ਾਂਤ ਅਤੇ ਉਸ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਨਾਲ ਇੱਕ ਫ਼ਿਲਮ ਲਈ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਸੀ। ਈਡੀ ਨੇ ਹੁਣ ਤੱਕ ਇਸ ਕੇਸ ਵਿੱਚ ਕਈ ਲੋਕਾਂ ਦੇ ਬਿਆਨ ਦਰਜ ਕੀਤੇ ਹਨ ਜਿਨ੍ਹਾਂ ਵਿੱਚ ਰਿਆ, ਉਸ ਦਾ ਭਰਾ ਸ਼ੋਵਿਕ, ਉਸ ਦੇ ਪਿਤਾ ਇੰਦਰਜੀਤ, ਸੁਸ਼ਾਂਤ ਦੇ ਮੈਨੇਜਰ ਸੈਮੂਅਲ ਮਿਰਾਂਡਾ, ਉਸ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ, ਉਸ ਦਾ ਨਿੱਜੀ ਸਟਾਫ ਰਿਤੇਸ਼ ਮੇਵਾਤੀ ਅਤੇ ਦੀਪੇਸ਼ ਸਾਵੰਤ, ਸੁਸ਼ਾਂਤ ਦੀ ਭੈਣ ਮੀਤੂ ਸਿਘ ਤੇ ਉਸ ਦੇ ਸੀਏ ਸੰਦੀਪ ਸ੍ਰੀਧਰ ਅਤੇ ਰੀਆ ਦੇ ਸੀਏ ਰਿਤੇਸ਼ ਸ਼ਾਹ ਸ਼ਾਮਲ ਹਨ।
ਈਡੀ ਨੇ ਸੁਸ਼ਾਂਤ ਦੇ ਪਿਤਾ ਕੇ.ਕੇ. ਸਿੰਘ ਵੱਲੋਂ 31 ਜੁਲਾਈ ਨੂੰ ਦਿੱਤੀ ਸ਼ਿਕਾਇਤ 'ਤੇ ਬਿਹਾਰ ਪੁਲਿਸ ਦੀ ਐਫਆਈਆਰ ਦੇ ਅਧਾਰ 'ਤੇ ਮਨੀ ਲਾਂਡਰਿੰਗ ਦੀ ਪੜਤਾਲ ਸ਼ੁਰੂ ਕੀਤੀ ਹੈ।