ਜੈਪੂਰ: ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ ਨੂੰ 22 ਸਾਲਾਂ ਪਹਿਲੇ ਲੱਗੇ ਦੋਸ਼ ਦੇ ਚਲਦੇ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 22 ਸਾਲ ਪਹਿਲਾਂ ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਇੱਕ ਟ੍ਰੇਨ ਦੀ ਚੈਨ ਖ਼ਿੱਚਣ ਕਾਰਨ ਅਦਾਕਾਰ ਅਤੇ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ 1997 ਦਾ ਹੈ, ਜਦੋਂ ਇਹ ਦੋਵੇਂ ਫ਼ਿਲਮ 'ਬਜਰੰਗ' ਦੀ ਸ਼ੂਟਿੰਗ ਲਈ ਜੈਪੂਰ ਦੇ ਵਿੱਚ ਸਨ। 22 ਸਾਲ ਪੁਰਾਣੇ ਇਸ ਮਾਮਲੇ 'ਚ ਹੁਣ ਰੇਲਵੇ ਕੋਰਟ ਨੇ ਟੀਨੂ ਵਰਮਾ ਅਤੇ ਸਤੀਸ਼ ਸ਼ਾਹ 'ਤੇ ਵੀ ਦੋਸ਼ ਤੈਅ ਕੀਤੇ ਹਨ।
ਹੋਰ ਪੜ੍ਹੋ: ਮਿਸ ਵਰਡਲ ਦਾ ਸੁਪਨਾ ਵੇਖਦੀ ਹੈ ਸੇਜਲ ਗੁਪਤਾ
ਜਾਣਕਾਰੀ ਮੁਤਾਬਿਕ 1997 'ਚ ਫ਼ਿਲਮ 'ਬਜਰੰਗ' ਦੀ ਸ਼ੂਟਿੰਗ ਵੇਲੇ ਅਪਲਿੰਕ ਐਕਸਪ੍ਰੈਸ ਦੀ ਚੇਨ ਪੁਲਿੰਗ ਕਾਰਨ ਟ੍ਰੇਨ 25 ਮਿੰਟ ਲੇਟ ਹੋ ਗਈ ਸੀ। ਸੰਨੀ ਦਿਓਲ ਇਸ ਮਾਮਲੇ ਦੀ ਸੁਣਵਾਈ ਵੇਲੇ ਹਾਲ ਹੀ ਦੇ ਵਿੱਚ ਜੈਪੂਰ ਵੀ ਪੁੱਜੇ ਸਨ।
ਦੱਸ ਦਈਏ ਕਿ ਰੇਲਵੇ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ ਨੂੰ ਤੈਅ ਕੀਤੀ ਹੈ। ਸਹਾਇਕ ਸਟੇਸ਼ਨ ਮਾਸਟਰ ਸੀਤਾਰਾਮ ਮਾਲਾਕਾਰ ਨੇ ਜਨਰਲ ਰੇਲਵੇ ਪੁਲਿਸ ਸਟੇਸ਼ਨ 'ਚ ਜਾ ਕੇ ਰੇਲਵੇ ਐਕਟ ਸੈਕਸ਼ਨ 141, ਸੈਕਸ਼ਨ 145, ਸੈਕਸ਼ਨ 146 ਅਤੇ ਸੈਕਸ਼ਨ 147 ਕਾਨੂੰਨ ਦੇ ਤਹਿਤ ਇਹ ਮਾਮਲਾ ਦਰਜ ਕਰਵਾਇਆ ਸੀ।
ਜ਼ਿਕਰਏਖ਼ਾਸ ਹੈ ਕਿ 1997 'ਚ ਸੰਨੀ ਦਿਓਲ ਅਤੇ ਕਰਿਸ਼ਮਾ ਕਪੂਰ ਨੇ ਆਪਣੀ ਫ਼ਿਲਮ ਦੇ ਟੀਮ ਮੈਂਬਰਸ ਦੇ ਨਾਲ ਅਜਮੇਰ ਦੇ ਕੋਲ ਫੁਲੇਰਾ ਦੇ ਇੱਕ ਪਿੰਡ ਸਾਵਰਦਾ 'ਚ ਬਜਰੰਗ ਦੀ ਸ਼ੂਟਿੰਗ ਕੀਤੀ ਸੀ।