ਨਵੀਂ ਦਿੱਲੀ: ਕੇਰਲ ਦੀ ਇੱਕ 45 ਸਾਲਾ ਔਰਤ ਦਾ ਕਹਿਣਾ ਹੈ ਕਿ ਬਾਲੀਵੁੱਡ ਗਾਇਕਾ ਅਨੁਰਾਧਾ ਪੌਡਵਾਲ ਉਸ ਦੀ ਅਸਲ ਮਾਂ ਹੈ। ਇਹ ਦਾਅਵਾ ਕਰਮਾਲਾ ਮੌਡੈਕਸ ਨਾਂਅ ਦੀ ਔਰਤ ਵੱਲੋਂ ਕੀਤਾ ਗਿਆ ਹੈ ਤੇ ਉਸ ਨੇ ਤਿਰੂਵਨੰਥਾਪੁਰਮ ਦੀ ਪਰਿਵਾਰਕ ਅਦਾਲਤ ਵਿੱਚ 67 ਸਾਲਾ ਗਾਇਕਾ ਵਿਰੁੱਧ ਕੇਸ ਦਾਇਰ ਕਰ ਕੇ 50 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਹੈ।
ਕਰਮਾਲਾ ਮੌਡੈਕਸ ਅਨੁਸਾਰ ਉਨ੍ਹਾਂ ਦਾ ਜਨਮ 1974 ’ਚ ਹੋਇਆ ਸੀ, ਜਦੋਂ ਉਹ ਸਿਰਫ਼ ਚਾਰ ਦਿਨਾਂ ਦੀ ਸੀ। ਤਦ ਅਨੁਰਾਧਾ ਪੌਡਵਾਲ ਨੇ ਉਸ ਨੂੰ ਇੱਕ ਜੋੜੀ ਪੋਂਨਾਚਨ ਤੇ ਅਗਨੇਸ ਨੂੰ ਸੌਂਪ ਦਿੱਤਾ ਸੀ।
ਦਰਅਸਲ, ਅਨੁਰਾਧਾ ਪੌਡਵਾਲ ਉਸ ਵੇਲੇ ਇੱਕ ਪਲੇਅ–ਬੈਕ ਗਾਇਕਾ ਵੱਜੋਂ ਆਪਣਾ ਕਰੀਅਰ ਬਣਾਉਣ ’ਚ ਬਿਅਸਤ ਸੀ। ਰਿਕਾਰਡਿੰਗਾਂ ਕਰਕੇ ਉਹ ਬੱਚੇ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੀ ਸੀ।
ਕਰਮਾਲਾ ਮੌਡੈਕਸ ਦਾ ਕਹਿਣਾ ਹੈ ਕਿ ਲਗਭਗ ਪੰਜ ਵਰ੍ਹੇ ਪਹਿਲਾਂ ਆਖ਼ਰੀ ਸਾਹ ਲੈਂਦੇ ਸਮੇਂ ਉਸ ਨੂੰ ਪਾਲਣ ਵਾਲੇ ਪਿਤਾ ਪੋਂਨਾਚਨ ਨੇ ਅਨੁਰਾਧਾ ਪੌਡਵਾਲ ਦੇ ਉਸ ਦੀ ਅਸਲ ਮਾਂ ਹੋਣ ਦੀ ਸੱਚਾਈ ਦੱਸੀ ਸੀ। ਤਿੰਨ ਬੱਚਿਆਂ ਦੀ ਮਾਂ ਕਰਮਾਲਾ ਦਾ ਕਹਿਣਾ ਹੈ ਕਿ ਪਿਤਾ ਦੇ ਮੂੰਹ ਤੋਂ ਸੱਚਾਈ ਸੁਣਨ ਤੋਂ ਬਾਅਦ ਉਨ੍ਹਾਂ ਅਨੁਰਾਧਾ ਨਾਲ ਕਈ ਵਾਰ ਫ਼ੋਨ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਸਾਹਮਣਿਓਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ।
ਕੁਝ ਸਮੇਂ ਬਾਅਦ ਅਨੁਰਾਧਾ ਪੌਡਵਾਲ ਨੇ ਕਰਮਾਲਾ ਦਾ ਨੰਬਰ ਬਲਾੱਕ ਕਰ ਦਿੱਤਾ। ਕਰਮਾਲਾ ਦੇ ਵਕੀਲ ਅਨਿਲ ਪ੍ਰਸਾਦ ਨੇ ਕਿਹਾ ਕਿ ਕਰਮਾਲਾ ਜਿਸ ਬਚਪਨ ਤੇ ਜ਼ਿੰਦਗੀ ਦੀ ਹੱਕਦਾਰ ਸੀ, ਉਸ ਤੋਂ ਉਸ ਨੂੰ ਵਾਂਝੀ ਰੱਖਿਆ ਗਿਆ। ਜੇ ਅਨੁਰਾਧਾ ਪੌਡਵਾਲ ਇਸ ਦਾਅਵੇ ਨੂੰ ਰੱਦ ਕਰਨਗੇ, ਤਾਂ ਕਰਮਾਲਾ ਵੱਲੋਂ ਅਦਾਲਤ ’ਚ ਡੀਐੱਨਏ ਟੈਸਟ ਕਰਵਾਉਣ ਦੀ ਮੰਗ ਕੀਤੀ ਜਾਵੇਗੀ।