ਨਵੀਂ ਦਿੱਲੀ / ਗਾਜ਼ੀਆਬਾਦ: ਗੋਰਖਪੁਰ ਦੀ ਰਹਿਣ ਵਾਲੀ ਪ੍ਰੱਗਿਆ ਮਿਸ਼ਰਾ ਲਗਭਗ 6 ਮਹੀਨੇ ਪਹਿਲਾਂ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ ਜਿਸ ਵਿੱਚ ਉਸ ਦੀ ਲੱਤ ਉੱਤੇ ਗੰਭੀਰ ਸੱਟ ਲੱਗੀ ਸੀ। ਤਾਲਾਬੰਦੀ ਕਾਰਨ ਚੱਲ ਰਹੀ ਆਰਥਿਕ ਮੰਦੀ ਕਾਰਨ ਉਸ ਦੇ ਪਰਿਵਾਰ ਵਾਲਿਆਂ ਲਈ ਇਲਾਜ ਕਰਵਾਉਣਾ ਮੁਸ਼ਕਲ ਸੀ ਜਿਸ ਲਈ ਉਸ ਨੇ ਅਦਾਕਾਰ ਸੋਨੂੰ ਸੂਦ ਅੱਗੇ ਮਦਦ ਦੀ ਗੁਹਾਰ ਲਗਾਈ।
ਦਰਅਸਲ ਪ੍ਰੱਗਿਆ ਨੇ ਹਾਲ ਹੀ ਵਿੱਚ ਸੋਨੂੰ ਸੂਦ ਨੂੰ ਟਵੀਟ ਕਰਕੇ ਮਦਦ ਦੀ ਮੰਗ ਕੀਤੀ ਸੀ। ਪ੍ਰੱਗਿਆ ਨੇ ਲਿਖਿਆ, "ਸਰ, ਮੈਨੂੰ ਤੁਹਾਡੀ ਮਦਦ ਚਾਹੀਦੀ ਹੈ, ਕਿਰਪਾ ਕਰਕੇ ਮੇਰੀ ਮਦਦ ਕਰੋ। ਮੈਂ ਤੁਹਾਨੂੰ ਕਈ ਵਾਰ ਮਦਦ ਲਈ ਬੇਨਤੀ ਕੀਤੀ ਹੈ। ਮੇਰੀ ਆਰਥਿਕ ਮਦਦ ਕਰੋ ਅਤੇ ਮੈਨੂੰ ਬਚਾਓ।"
ਅਦਾਕਾਰ ਸੋਨੂੰ ਸੂਦ ਨੇ ਗਾਜ਼ੀਆਬਾਦ ਵਿੱਚ ਇੱਕ ਡਾਕਟਰ ਨਾਲ ਸੰਪਰਕ ਕੀਤਾ ਅਤੇ ਪ੍ਰੱਗਿਆ ਦੀ ਸਰਜਰੀ ਬਾਰੇ ਗੱਲ ਕੀਤੀ ਜਿਸ ਤੋਂ ਬਾਅਦ ਸੋਨੂੰ ਸੂਦ ਨੇ ਪ੍ਰੱਗਿਆ ਨੂੰ ਗੋਰਖਪੁਰ ਤੋਂ ਗਾਜ਼ੀਆਬਾਦ ਲਿਆਉਣ ਲਈ ਉਸ ਦੇ ਮਾਤਾ-ਪਿਤਾ ਨੂੰ ਰੇਲ ਦੀ ਟਿਕਟ ਭੇਜੀ।
ਪ੍ਰੱਗਿਆ ਦੇ ਮਾਤਾ-ਪਿਤਾ ਗਾਜ਼ੀਆਬਾਦ ਪਹੁੰਚੇ ਅਤੇ ਉਸ ਨੂੰ ਸ਼ਕਤੀ ਖੰਡ, ਗਾਜ਼ੀਆਬਾਦ ਦੇ ਹੀਲਿੰਗ ਟ੍ਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦੀ ਸਫ਼ਲਤਾ ਪੂਰਵਕ ਸਰਜਰੀ ਹੋ ਗਈ। ਹਸਪਤਾਲ ਦੇ ਡਾਕਟਰ ਅਖਿਲੇਸ਼ ਯਾਦਵ ਨੇ ਕਿਹਾ ਕਿ ਪ੍ਰੱਗਿਆ ਜਲਦੀ ਹੀ ਆਪਣੇ ਪੈਰਾਂ ਉੱਤੇ ਤੁਰਨ ਲੱਗ ਪਏਗੀ। ਉਸ ਨੇ ਦੱਸਿਆ ਕਿ ਸਰਜਰੀ ਪੂਰੀ ਹੋਣ ਤੋਂ ਬਾਅਦ ਸੋਨੂੰ ਸੂਦ ਨੇ ਉਸ ਨੂੰ ਫ਼ੋਨ ਕਰਕੇ ਪ੍ਰੱਗਿਆ ਦਾ ਹਾਲ-ਚਾਲ ਪੁੱਛਿਆ।
ਪ੍ਰੱਗਿਆ ਦੇ ਪਿਤਾ ਵਿਨੋਦ ਕੁਮਾਰ ਪਾਂਡੇ ਨੇ ਕਿਹਾ, "ਅਸੀਂ ਪ੍ਰੱਗਿਆ ਨੂੰ ਗੋਰਖਪੁਰ ਦੇ ਕਈ ਹਸਪਤਾਲਾਂ ਵਿੱਚ ਦਿਖਾਇਆ ਜਿੱਥੇ ਡਾਕਟਰਾਂ ਵੱਲੋਂ ਇਲਾਜ ਦੀ ਲਾਗਤ ਇੱਕ ਲੱਖ ਤੋਂ ਵੱਧ ਦੱਸੀ ਜੋ ਸਾਡੀ ਪਹੁੰਚ ਤੋਂ ਬਾਹਰ ਸੀ। ਪ੍ਰੱਗਿਆ ਨੇ ਇੰਟਰਨੈੱਟ ਰਾਹੀਂ ਸੋਨੂੰ ਸੂਦ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰੱਗਿਆ ਦੇ ਇਲਾਜ ਵਿਚ ਸਾਡੀ ਪੂਰੀ ਮਦਦ ਕੀਤੀ। ਪ੍ਰੱਗਿਆ ਦੇ ਇਲਾਜ ਵਿਚ ਅਸੀਂ ਇਕ ਰੁਪਇਆ ਵੀ ਨਹੀਂ ਖਰਚਿਆ। ਇਥੋਂ ਤਕ ਕਿ ਸੋਨੂੰ ਸੂਦ ਨੇ ਗੋਰਖਪੁਰ ਤੋਂ ਗਾਜ਼ੀਆਬਾਦ ਆਉਣ-ਜਾਣ ਦਾ ਖਰਚਾ ਵੀ ਚੁੱਕਿਆ ਹੈ।" ਉਨ੍ਹਾਂ ਭਿੱਜੀਆਂ ਅੱਖਾਂ ਨਾਲ ਸੋਨੂੰ ਸੂਦ ਦਾ ਧੰਨਵਾਦ ਕੀਤਾ।