ਮੁੰਬਈ : ਸਲਮਾਨ ਖ਼ਾਨ ਅੱਜ-ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ 'ਭਾਰਤ' ਦੇ ਪ੍ਰਮੋਸ਼ਨ 'ਚ ਮਸ਼ਰੂਫ਼ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਇੱਕ ਨਿਜੀ ਇੰਟਰਵਿਊ 'ਚ ਪ੍ਰਿਯੰਕਾ ਚੋਪੜਾ 'ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ, ਇਸ ਫ਼ਿਲਮ 'ਚ ਪਹਿਲਾਂ ਪ੍ਰਿਯੰਕਾ ਚੋਪੜਾ ਮੁੱਖ ਭੂਮਿਕਾ ਨਿਭਾਉਣ ਵਾਲੀ ਸੀ ਪਰ ਪਿਛਲੇ ਸਾਲ ਅਗਸਤ 'ਚ ਅਮਰੀਕੀ ਗਾਇਕ ਨਿਕ ਜੋਨਸ ਦੇ ਨਾਲ ਮੰਗਨੀ ਨੂੰ ਲੈ ਕੇ ਉਨ੍ਹਾਂ ਨੇ ਪ੍ਰੋਜੈਕਟ ਛੱਡ ਦਿੱਤਾ ਅਤੇ ਪ੍ਰਿਯੰਕਾ ਦੀ ਥਾਂ ਕੈਟਰੀਨਾ ਨੇ ਲੈ ਲਈ ਸੀ।
ਇੰਟਰਵਿਊ 'ਚ ਕੈਟਰੀਨਾ ਨੇ ਗੱਲਬਾਤ ਵੇਲੇ ਕਿਹਾ ਕਿ ਜਦੋਂ ਉਨ੍ਹਾਂ ਦਾ ਕਿਰਦਾਰ ਲਿਖਿਆ ਜਾ ਰਿਹਾ ਸੀ ਤਾਂ ਉਹ ਉਸ ਵੇਲੇ ਮੌਜੂਦ ਨਹੀਂ ਸੀ। ਇਸ ਤੇ ਸਲਮਾਨ ਨੇ ਕਿਹਾ ਕਿ ਉਸ ਦੌਰਾਨ ਪ੍ਰਿਯੰਕਾ ਮੌਜੂਦ ਸੀ। ਫ਼ੇਰ ਸਲਮਾਨ ਨੇ ਕਿਹਾ ਬੇਸ਼ੱਕ ਪ੍ਰਿਯੰਕਾ ਫ਼ਿਲਮ 'ਚ ਨਹੀਂ ਹੈ ਪਰ ਉਹ ਸ਼ਾਇਦ ਪ੍ਰਮੋਸ਼ਨ 'ਚ ਮਦਦ ਕਰ ਸਕਦੀ ਹੈ।
ਇਸ ਇੰਟਰਵਿਊ 'ਚ ਸਲਮਾਨ ਨੇ ਮਖੌਲਿਆ ਅੰਦਾਜ਼ ਵਿੱਚ ਕਿਹਾ, "ਪ੍ਰਿਯੰਕਾ ਨੇ ਸਾਰੀ ਉਮਰ ਮਿਹਨਤ ਕੀਤੀ ਜਦੋਂ ਆਪਣੇ ਕਰਿਅਰ ਦੀ ਸਭ ਤੋਂ ਵੱਡੀ ਫ਼ਿਲਮ ਮਿਲੀ ਉਸ ਵੇਲੇ ਪਤੀ ਲਈ ਫ਼ਿਲਮ ਛੱਡ ਦਿੱਤੀ, ਆਮ ਤੌਰ 'ਤੇ ਔਰਤਾਂ ਇਸ ਫ਼ਿਲਮ ਲਈ ਆਪਣਾ ਪਤੀ ਛੱਡ ਦੇਣ।"