ਮੁੰਬਈ: ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ 23 ਨਵੰਬਰ ਨੂੰ ਸਿੰਘਾਪੁਰ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ (ਐਸਆਈਐਫਐਫ) 'ਚ ਏਸ਼ੀਅਨ ਫ਼ਿਲਮ ਟੈਲੇਂਟਿਡ ਪੁਰਸਕਾਰ ਦੇ ਨਾਲ ਨਿਵਾਜ਼ਿਆ ਜਾਵੇਗਾ। ਇਹ ਪੁਰਸਕਾਰ ਉਨ੍ਹਾਂ ਨੂੰ ਨੈੱਟਫਲਿਕਸ ਦੀ ਵੈੱਬ ਸੀਰੀਜ਼ 'ਸੈਕਰੇਡ ਗੇਮਜ਼' 'ਚ ਗਨੇਸ਼ ਗੈਤੋਂਡੇ ਦੇ ਕਿਰਦਾਰ ਨਿਭਾਉਣ ਕਾਰਨ ਮਿਲ ਰਿਹਾ ਹੈ। ਸਿੰਗਾਪੁਰ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ 21 ਨਵੰਬਰ ਤੋਂ 8 ਦਸੰਬਰ ਦੇ ਵਿਚਕਾਰ ਹੋਵੇਗਾ।
ਇਸ ਸਮਾਰੋਹ ਵਿੱਚ ਨਵਾਜ਼ੂਦੀਨ ਸਿੱਦੀਕੀ ਇੱਕ ਚੈਟ ਸ਼ੋਅ ਨੂੰ ਵੀ ਸੰਬੋਧਨ ਕਰਨਗੇ। ਕੁਝ ਸਮੇਂ ਪਹਿਲਾਂ ਹੀ ਅਦਾਕਾਰ ਨੂੰ ਕਾਰਡਿਫ਼ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦੇ ਵਿੱਚ ਵੀ ਸਿਨੇਮਾ ਜਗਤ ਦੇ ਯੋਗਦਾਨ ਲਈ ਗੋਲਡਨ ਡ੍ਰੈਗਨ ਪੁਰਸਕਾਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ 15 ਨਵੰਬਰ ਨੂੰ ਨਵਾਜ਼ੂਦੀਨ ਦੀ ਵੈਡਿੰਗ ਕਾਮੇਡੀ ਫ਼ਿਲਮ ਮੋਤੀਚੂਰ ਚਕਨਾਚੂਰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਆਥੀਆ ਸ਼ੈੱਟੀ ਵੀ ਮੁੱਖ ਭੂਮੀਕਾ ਨਿਭਾਉਂਦੇ ਹੋਏ ਨਜ਼ਰ ਆਵੇਗੀ। ਇਸ ਫ਼ਿਲਮ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਫ਼ਿਲਮ 'ਬੋਲੇ ਚੂੜੀਆਂ' ਦੀ ਸ਼ੂਟਿੰਗ ਵੀ ਖ਼ਤਮ ਕਰ ਲਈ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਉਨ੍ਹਾਂ ਦੇ ਭਰਾ ਸਮਸ਼ ਨਵਾਬ ਸਿੱਦੀਕੀ ਹਨ।