ਮੁੰਬਈ: ਇਰਫ਼ਾਨ ਖ਼ਾਨ ਅਤੇ ਰਾਧੀਕਾ ਮਦਾਨ ਦੀ ਫ਼ਿਲਮ 'ਅੰਗ੍ਰੇਜ਼ੀ ਮੀਡੀਅਮ' ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਦਾ ਟਾਇਟਲ ਹੈ ਇੱਕ ਜ਼ਿੰਦਗੀ। ਗੀਤ ਵਿੱਚ ਬਾਪ-ਬੇਟੀ ਬਣੇ ਇਰਫ਼ਾਨ ਖ਼ਾਨ ਅਤੇ ਰਾਧੀਕਾ ਮਦਾਨ ਦੀ ਭਾਵੁਕ ਜਰਨੀ ਵੇਖਣ ਨੂੰ ਮਿਲੀ।
ਯੂਟਿਊਬ 'ਤੇ ਇਸ ਗੀਤ ਨੂੰ ਚੰਗਾ ਹੁੰਘਾਰਾ ਮਿਲ ਰਿਹਾ ਹੈ। ਇਸ ਗੀਤ ਵਿਚ ਤਨਿਸ਼ਕਾ ਸੰਘਵੀ ਦੀ ਆਵਾਜ਼ ਹੈ ਅਤੇ ਸਚਿਨ ਜਿਗਰ ਨੇ ਗੀਤ ਨੂੰ ਕੰਪੋਜ਼ ਕੀਤਾ ਹੈ। ਇਹ ਗੀਤ ਕਾਫ਼ੀ ਭਾਵੁਕ ਕਰਨ ਵਾਲਾ ਹੈ। ਗੀਤ ਵਿਚ ਦਿਖਾਇਆ ਜਾ ਰਿਹਾ ਹੈ ਕਿ ਇਕ ਬੇਟੀ ਦਾ ਸੁਪਨਾ ਲੰਦਨ ਜਾ ਕੇ ਪੜ੍ਹਨ ਦਾ ਹੈ, ਉਸ ਨੂੰ ਪੂਰਾ ਕਰਨ ਲਈ ਪਿਤਾ ਹਰ ਇਕ ਕੋਸ਼ਿਸ਼ ਕਰਦਾ ਹੈ।
ਇਹ ਫ਼ਿਲਮ ਸਾਲ 2017 ਵਿੱਚ ਆਈ ਫ਼ਿਲਮ' ਹਿੰਦੀ ਮਿਡਿਅਮ 'ਦਾ ਸੀਕਵਲ ਹੈ। ਫ਼ਿਲਮ ਵਿੱਚ ਇਰਫਾਨ ਖ਼ਾਨ ਦੇ ਨਾਲ ਕਰੀਨਾ ਕਪੂਰ, ਰਾਧੀਕਾ ਮਦਾਨ, ਪੰਕਜ ਤ੍ਰਿਪਠੀ ਅਤੇ ਦੀਪਕ ਡੋਬਰਿਆਲ ਹਨ। ਫ਼ਿਲਮ ਦਾ ਟ੍ਰੇਲਰ ਰਿਲੀਜ ਹੋ ਚੁੱਕਾ ਹੈ। ਟ੍ਰੇਲਰ ਵਿਚ ਨਾ ਸਿਰਫ਼ ਇਰਫ਼ਾਨ ਖ਼ਾਨ ਦਾ ਕਿਰਦਾਰ ਜ਼ਬਰਦਸਤ ਹੈ ਬਲਕਿ ਸਾਰੇ ਹੀ ਕਿਰਦਾਰਾਂ ਨੂੰ ਤਰਜ਼ੀਹ ਦਿੱਤੀ ਗਈ ਹੈ। ਇਹ ਫ਼ਿਲਮ 13 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।