ਮੁੰਬਈ: ਅਜੇ ਦੇਵਗਨ ਨੇ ਸਾਬਕਾ ਭਾਰਤੀ ਫੁੱਟਬਾਲ ਕਪਤਾਨ ਚੁੰਨੀ ਗੋਸਵਾਮੀ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ। ਦੱਸ ਦੇਈਏ ਕਿ ਚੁੰਨੀ ਗੋਸਵਾਮੀ ਲੰਮੇ ਸਮੇਂ ਤੋਂ ਬਿਮਾਰ ਸਨ ਤੇ ਵੀਰਵਾਰ ਨੂੰ ਕੋਲਕਾਤਾ ਦੇ ਇੱਕ ਹਸਪਤਾਲ 'ਚ ਉਨ੍ਹਾਂ ਨੇ ਦਮ ਤੋੜ ਦਿੱਤਾ।
ਅਜੇ ਦੇਵਗਨ ਨੇ ਆਪਣੀ ਫ਼ਿਲਮ 'ਮੈਦਾਨ' ਦੀ ਸ਼ੂਟਿੰਗ ਦੌਰਾਨ ਗੋਸਵਾਮੀ ਨਾਲ ਮੁਲਾਕਾਤ ਕੀਤੀ ਸੀ। ਅਜੇ ਦੇਵਗਨ ਨੇ ਟਵੀਟ ਕਰਦਿਆਂ ਲਿਖਿਆ, "ਮੈਦਾਨ ਦੀ ਸ਼ੂਟਿੰਗ ਦੌਰਾਨ, ਮੈਂ ਫੁੱਟਬਾਲ ਦੇ ਦਿੱਗਜ ਚੁੰਨੀ ਗੋਸਵਾਮੀ ਨਾਲ ਮਿਲਿਆ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੇਰੀ ਹਮਦਰਦੀ....#RIPChunigoswami।"
ਪੀਰੀਅਡ ਡਰਾਮਾ 'ਮੈਦਾਨ' 'ਚ ਭਾਰਤੀ ਫੁੱਟਬਾਲ ਦੇ ਦੌਰ ਨੂੰ ਦਿਖਾਇਆ ਗਿਆ ਹੈ ਤੇ ਅਜੇ ਦੇਵਗਨ ਇਸ ਫ਼ਿਲਮ 'ਚ ਦਿੱਗਜ ਕੋਚ ਸਯਦ ਅਬਦੁੱਲ ਰਹੀਮ ਦੇ ਕਿਰਦਾਰ 'ਚ ਨਜ਼ਰ ਆਉਣਗੇ। ਪਿਛਲੇ ਸਾਲ ਨਵੰਬਰ 'ਚ ਉਨ੍ਹਾਂ ਨੇ ਕੋਲਕਾਤਾ ਵਿੱਚ ਫ਼ਿਲਮ ਦੇ ਇੱਕ ਹਿੱਸੇ ਦੀ ਸ਼ੂਟਿੰਗ ਪੂਰੀ ਕਰ ਲਈ ਹੈ।
ਦੱਸਣਯੋਗ ਹੈ ਕਿ ਗੋਸਵਾਮੀ ਫੁੱਟਬਾਲਰ ਦੇ ਨਾਲ ਇੱਕ ਕ੍ਰਿਕਟਰ ਵੀ ਸਨ, ਜਿਨ੍ਹਾਂ ਨੇ ਪਹਿਲੇ ਦਰਜੇ ਦੇ ਕ੍ਰਿਕਟ ਟੂਰਨਾਮੈਂਟ 'ਚ ਬੰਗਾਲ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਨੇ ਸਾਲ 1956 ਤੋਂ 1964 ਤੱਕ ਇੱਕ ਫੁੱਟਬਾਲਰ ਦੇ ਰੂਪ 'ਚ ਭਾਰਤ ਲਈ 50 ਮੈਚ ਖੇਡੇ, ਜਦਕਿ ਇੱਕ ਕ੍ਰਿਕਟਰ ਵਜੋਂ ਉਨ੍ਹਾਂ ਨੇ 1962 ਅਤੇ 1973 ਦਰਮਿਆਨ 46 ਮੈਚ ਖੇਡੇ।