ਹੈਦਰਾਬਾਦ: ਐਲੋਨ ਮਸਕ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ X ਸ਼ਬਦ ਕਾਫ਼ੀ ਪਸੰਦ ਹੈ। ਉਨ੍ਹਾਂ ਦੀਆਂ ਕਈ ਕੰਪਨੀਆਂ ਦੇ ਨਾਮ ਵਿੱਚ ਵੀ X ਸ਼ਬਦ ਸ਼ਾਮਲ ਹੈ। ਜਿਵੇਂ ਕਿ SpaceX, Xai ਆਦਿ। ਲੰਬੇ ਸਮੇਂ ਤੋਂ ਮਸਕ ਟਵਿੱਟਰ ਦਾ ਨਾਮ ਅਤੇ ਲੋਗੋ ਬਦਲਣ ਦੀ ਸੋਚ ਰਹੇ ਸੀ। ਆਖਿਰਕਾਰ ਕੱਲ ਉਨ੍ਹਾਂ ਨੇ ਟਵਿੱਟਰ ਦਾ ਲੋਗੋ ਬਦਲ ਕੇ X ਕਰ ਦਿੱਤਾ ਹੈ। ਹਾਲਾਂਕਿ ਮਸਕ ਨੇ ਕੰਪਨੀ ਦਾ ਨਾਮ ਜਿੰਨੀ ਜਲਦੀ ਬਦਲ ਦਿੱਤਾ ਹੈ, ਇਹ ਕਾਨੂੰਨੀ ਰੂਪ 'ਚ ਇੰਨਾਂ ਆਸਾਨ ਨਹੀ ਹੈ। ਮਸਕ ਦੀ ਕੰਪਨੀ 'ਤੇ ਕਿਸੇ ਵੀ ਸਮੇਂ ਕੋਈ ਵੀ ਕੰਪਨੀ ਕੇਸ ਦਰਜ ਕਰਵਾ ਸਕਦੀ ਹੈ।
ਕਈ ਕੰਪਨੀਆਂ ਕਰਵਾ ਸਕਦੀਆਂ ਨੇ ਮਸਕ ਦੀ ਕੰਪਨੀ 'ਤੇ ਕੇਸ: ਦਰਅਸਲ, ਐਲੋਨ ਮਸਕ ਨੇ ਟਵਿੱਟਰ ਦਾ ਨਾਮ X ਰੱਖ ਤਾਂ ਦਿੱਤਾ ਹੈ ਪਰ ਇਸ ਸ਼ਬਦ ਨਾਲ ਜੁੜੇ ਪੇਟੈਂਟ ਅਤੇ ਹੋਰ ਲਾਇਸੰਸ ਕਈ ਕੰਪਨੀਆਂ ਕੋਲ ਮੌਜ਼ੂਦ ਹਨ। ਮੇਟਾ ਅਤੇ ਮਾਈਕ੍ਰੋਸਾਫਟ ਕੋਲ ਇਸ ਸ਼ਬਦ ਨਾਲ ਜੁੜੇ ਬੌਧਿਕ ਸੰਪਤੀ ਦੇ ਹੱਕ ਹਨ। ਕਿਉਕਿ ਇਹ ਸ਼ਬਦ ਮਸ਼ਹੂਰ ਹੈ। ਇਸ ਲਈ ਇਸ ਨਾਲ ਜੁੜੇ ਅਧਿਕਾਰ ਕਈ ਲੋਕਾਂ ਕੋਲ ਹਨ। ਕੰਪਨੀਆਂ ਕਿਸੇ ਵੀ ਸਮੇਂ ਐਲੋਨ ਮਸਕ ਦੀ ਕੰਪਨੀ 'ਤੇ ਕੇਸ ਕਰ ਸਕਦੀਆਂ ਹਨ। ਟ੍ਰੇਡਮਾਰਕ ਵਕੀਲ ਜੋਸ਼ ਗੇਰਬੇਨ ਨੇ ਕਿਹਾ ਕਿ ਇਸ ਗੱਲ ਦੀ 100 ਫੀਸਦੀ ਸੰਭਾਵਨਾ ਹੈ ਕਿ ਟਵਿੱਟਰ 'ਤੇ ਕੇਸ ਹੋ ਸਕਦਾ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਲਗਭਗ 900 ਐਕਟਿਵ ਅਮਰੀਕੀ ਟ੍ਰੇਡਮਾਰਕ ਰਜਿਸਟਰੇਸ਼ਨਾਂ ਦੀ ਗਿਣਤੀ ਕੀਤੀ ਹੈ, ਜੋ ਪਹਿਲਾ ਤੋਂ ਹੀ ਆਪਣੇ ਵਪਾਰ ਵਿੱਚ X ਸ਼ਬਦ ਦਾ ਇਸਤੇਮਾਲ ਕਰਦੇ ਹਨ। ਜੇਕਰ ਇਹ ਕੰਪਨੀਆਂ ਚਾਹੇ ਤਾਂ ਮਸਕ ਦੇ ਖਿਲਾਫ ਕੇਸ ਦਰਜ ਕਰਵਾ ਸਕਦੀਆਂ ਹਨ।
ਮੇਟਾ ਅਤੇ ਮਾਈਕ੍ਰੋਸਾਫ਼ਟ ਖਤਰਾ ਮਹਿਸੂਸ ਹੋਣ 'ਤੇ X ਕੰਪਨੀ 'ਤੇ ਕਰ ਸਕਦੀਆਂ ਨੇ ਕੇਸ: X ਸ਼ਬਦ ਨਾਲ ਜੁੜਿਆਂ ਟ੍ਰੇਡਮਾਰਕ ਮਾਈਕ੍ਰੋਸਾਫ਼ਟ ਦੇ ਕੋਲ 2003 ਤੋਂ ਹੈ, ਜੋ ਉਸਨੇ ਆਪਣੇ Xbox ਵੀਡੀਓ ਗੇਮ ਸਿਸਟਮ ਲਈ ਲਿਆ ਹੈ। ਇਸੇ ਤਰ੍ਹਾਂ ਮੇਟਾ ਨੇ 2019 'ਚ X ਸ਼ਬਦ ਨਾਲ ਜੁੜਿਆਂ ਟ੍ਰੇਡਮਾਰਕ ਸਾਫ਼ਟਵੇਅਰ ਅਤੇ ਸੋਸ਼ਲ ਮੀਡੀਆ ਨਾਲ ਜੁੜੇ ਖੇਤਰਾਂ ਲਈ ਲਿਆ ਹੈ। ਕੰਪਨੀ ਨੇ ਨੀਲੇ ਅਤੇ ਚਿੱਟੇ ਰੰਗ ਦੇ X ਸ਼ਬਦ ਨੂੰ ਪੇਟੈਂਟ ਕੀਤਾ ਹੈ। ਟ੍ਰੇਡਮਾਰਕ ਵਕੀਲ ਨੇ ਕਿਹਾ ਕਿ ਮੇਟਾ ਅਤੇ ਮਾਈਕ੍ਰੋਸਾਫ਼ਟ ਉਦੋਂ ਤੱਕ ਮਸਕ ਦੀ ਕੰਪਨੀ 'ਤੇ ਕੇਸ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਨੂੰ ਮਸਕ ਦੀ ਕੰਪਨੀ ਤੋਂ ਖਤਰਾ ਮਹਿਸੂਸ ਨਹੀਂ ਹੁੰਦਾ, ਪਰ ਦੂਜੀਆਂ ਕੰਪਨੀਆਂ ਮਸਕ ਦੀ ਕੰਪਨੀ 'ਤੇ ਕਿਸੇ ਵੀ ਸਮੇਂ ਕੇਸ ਦਰਜ ਕਰਵਾ ਸਕਦੀਆਂ ਹਨ।