ਜਲੰਧਰ: ਛਾਉਣੀ ਇਲਾਕੇ ਦੇ ਨਜ਼ਦੀਕ ਇੱਕ ਨੌਜਵਾਨ ਵੱਲੋਂ ਘਰੇਲੂ ਪ੍ਰੇਸ਼ਾਨੀ ਦੇ ਚਲਦੇ ਰੇਲ ਗੱਡੀ ਹੇਠਾ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੀ ਦਰਦ ਕਹਾਣੀ ਦੱਸੀ। ਥਾਣਾ ਜੀਆਰਪੀ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ " ਮੇਰੇ ਮਰਨ ਤੋਂ ਬਾਅਦ ਮੇਰੀ ਸ਼ਕਲ ਮੇਰੀ ਮਾਂ ਤੇ ਭਰਾ ਨੂੰ ਨਾ ਵਿਖਾਈ ਜਾਵੇ।"
ਅਮਿਤ ਕੁਮਾਰ ਨੇ ਵੀਡੀਓ ਵਿੱਚ ਕਿਹਾ ਕਿ " ਮੇਰਾ ਜੋ ਵੀ ਹੈ, ਜੋ ਵੀ ਮੈਂ ਆਪਣਾ ਬਣਾਇਆ ਹੈ ਜਾਂ ਜੋ ਵੀ ਮੇਰੇ ਪਿਤਾ ਦਾ ਹੈ, ਉਹ ਸਭ ਕੁਝ ਮੇਰੇ ਬੇਟੇ ਦਾ ਹੈ। ਮੈਂ ਸੁਸਾਈਡ ਕਰਨ ਲੱਗਾ ਹਾਂ। ਮੈਂ ਆਪਣੀ ਮਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਮਾਂ ਮੈਂ ਕਦੇ ਗ਼ਲਤ ਨਹੀਂ ਸੀ। ਬੱਸ ਤੁਸੀਂ ਮੈਨੂੰ ਪਛਾਣ ਨਹੀਂ ਪਾਏ, ਮੈਂ ਹਾਰ ਗਿਆ ਹਾਂ। ਸਾਰਿਆਂ ਨੂੰ ਸਲਾਮ। ਮੈਂ ਸਾਰਿਆਂ ਨੂੰ ਸਵੇਰੇ-ਸਵੇਰੇ ਮੈਸੇਜ ਭੇਜਦਾ ਸੀ, ਹੁਣ ਕਿਸੇ ਨੂੰ ਨਹੀਂ ਆਉਣਗੇ, ਮੈਂ ਕਿਸੇ ਨੂੰ ਤੰਗ ਨਹੀਂ ਕਰਾਂਗਾ। ਇਹ ਕੋਈ ਮਜ਼ਾਕ ਨਹੀਂ ਹੈ।"
ਅਮਿਤ ਕੁਮਾਰ ਨੇ ਵੀਡੀਓ ਵਿੱਚ ਕਿਹਾ ਕਿ ਉਸ ਦਾ ਅੰਤਿਮ ਸਸਕਾਰ ਸਿਰਫ ਉਸ ਦੇ ਦੋ ਦੋਸਤਾਂ ਨੂੰ ਹੀ ਕਰਨ ਦਿੱਤਾ ਜਾਵੇ।
ਥਾਣਾ ਜੀਆਰਪੀ ਦੇ ਮੁਖੀ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਲਾਈਨ 'ਤੇ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਕਿਹਾ ਰੇਲਵੇ ਦੇ ਪਾਵਰ ਕੈਬਨ ਦੇ ਡਰਾਈਵਰ ਤੇ ਚਸ਼ਮਦੀਦਾਂ ਨੇ ਦੱਸਿਆ ਕਿ ਮ੍ਰਿਤਕ ਨੇ ਪਾਵਰ ਕੈਬਨ ਅੱਗੇ ਛਾਲ ਮਾਰ ਦਿੱਤੀ ਸੀ। ਅਸ਼ੋਕ ਕੁਮਾਰ ਨੇ ਕਿਹਾ ਕਿ ਮ੍ਰਿਤਕ ਦੇ ਪਰਸ ਵਿੱਚੋਂ ਇੱਕ ਚਿੱਠੀ ਮਿਲੀ ਹੈ, ਜਿਸ ਵਿੱਚ ਲਿਖਿਆ ਹੈ ਕਿ ਉਹ ਬਵਾਸੀਰ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਇਸ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਰਿਹਾ ਹੈ ਅਤੇ ਇਸ ਦਾ ਕੋਈ ਜ਼ਿੰਮੇਵਾਰ ਨਹੀਂ ਹੈ।