ਕੋਲਕਾਤਾ: ਪੱਛਮੀ ਬੰਗਾਲ ਦੇ ਜਲਪਾਈਗੁੜੀ 'ਚ ਇੱਕ 16 ਸਾਲਾ ਨਾਬਾਲਗ਼ ਲੜਕੀ ਨਾਲ ਜਬਰ ਜਨਾਹ 'ਤੇ ਕਤਲ ਮਾਮਲੇ 'ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੜਕੀ 10 ਅਗਸਤ ਨੂੰ ਲਾਪਤਾ ਹੋ ਗਈ ਸੀ। ਲੜਕੀ ਦੇ ਪਰਿਵਾਰ ਨੇ 11 ਅਗਸਤ ਨੂੰ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਵੀਰਵਾਰ ਨੂੰ ਮੁਲਜ਼ਮ ਦੇ ਘਰ ਦੇ ਨੇੜੇ ਸਥਿਤ ਸੈਪਟਿਕ ਟੈਂਕ 'ਚ ਲੜਕੀ ਦੀ ਲਾਸ਼ ਬਰਾਮਦ ਹੋਈ।
ਜਲਪਾਈਗੁੜੀ ਦੇ ਐਸਪੀ ਪ੍ਰਦੀਪ ਕੁਮਾਰ ਯਾਦਵ ਨੇ ਦੱਸਿਆ, "ਅਸੀਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੂੰ 8 ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪੀੜਤ ਲੜਕੀ ਦੇ ਪਿਤਾ ਨੇ ਇਲਾਕੇ ਦੇ ਥਾਣੇ 'ਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਕਿਸੇ ਸ਼ੱਕੀ ਵਿਅਕਤੀ ਦਾ ਨਾਂਅ ਨਹੀਂ ਲਿਆ। 3 ਦਿਨਾਂ ਬਾਅਦ, ਲੜਕੀ ਦੇ ਪਿਤਾ ਨੇ ਇੱਕ ਸ਼ੱਕੀ ਦਾ ਨਾਂਅ ਸਾਂਝਾ ਕੀਤਾ। ਅਸੀਂ ਉਸ ਨੂੰ ਜਾਂਚ ਲਈ ਹਿਰਾਸਤ ਵਿੱਚ ਲੈ ਲਿਆ ਹੈ।"
ਜ਼ੁਰਮ ਕਬੂਲ ਕਰ ਕੀਤਾ ਖੁਲਾਸਾ
ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੂੰ ਪਹਿਲਾਂ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਉਸ ਨੇ ਇਸ ਮਾਮਲੇ 'ਚ ਸ਼ਾਮਲ ਨਾ ਹੋਣ ਦੀ ਗੱਲ ਕਹੀ। ਇਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ,ਪਰ ਫਿਰ ਕੁੱਝ ਸਮੇਂ ਬਾਅਦ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਇੱਕ ਹੋਰ ਸ਼ੱਕੀ ਵਿਅਕਤੀ ਦਾ ਨਾਂਅ ਲਿਆ। ਦੂਜੇ ਸ਼ੱਕੀ ਵਿਅਕਤੀ ਨੂੰ ਪੁਲਿਸ ਹਿਰਾਸਤ 'ਚ ਲੈ ਕੇ ਉਸ ਕੋਲੋਂ ਪੁੱਛਗਿੱਛ ਕਰਨ 'ਤੇ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਤੇ, ਇਸ ਮਾਮਲੇ 'ਚ ਪਹਿਲੇ ਗ੍ਰਿਫ਼ਤਾਰ ਕੀਤੇ ਵਿਅਕਤੀ ਸਣੇ 3 ਲੋਕਾਂ ਦੇ ਇਸ ਅਪਰਾਧ 'ਚ ਸ਼ਾਮਲ ਹੋਣ ਦੀ ਗੱਲ ਦੱਸੀ।
ਕਤਲ ਕਰ ਸੈਪਟਿਕ ਟੈਂਕ 'ਚ ਸੁੱਟੀ ਪੀੜਤਾ ਦੀ ਲਾਸ਼
ਪੁਲਿਸ ਮੁਤਾਬਕ ਸਾਰੇ ਮੁਲਜ਼ਮਾਂ ਦੀ ਉਮਰ 30-35 ਸਾਲ ਦੇ ਕਰੀਬ ਹੈ। ਤਿੰਨੋ ਮੁਲਜ਼ਮ ਨੇੜਲੇ ਪਿੰਡ ਦੇ ਵਸਨੀਕ ਹਨ। ਮੁਲਜ਼ਮਾਂ ਨੇ 10 ਅਗਸਤ ਲੜਕੀ ਨੂੰ ਅਗਵਾ ਕਰ ਇੱਕ ਘਰ 'ਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ ਤੇ ਬਾਅਦ 'ਚ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਸੈਪਟਿਕ ਟੈਂਕ 'ਚ ਸੁੱਟ ਦਿੱਤਾ।