ਪਠਾਨਕੋਟ: ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਨਸ਼ਾ ਤਸਕਰ ਕੋਲੋਂ ਪੁੱਛਗਿੱਛ ਜਾਰੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਇੱਕ ਨਸ਼ ਤਸਕਰ ਨੂੰ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੋਵਿੰਦਾ ਵਜੋਂ ਹੋਈ ਹੈ। ਇਹ ਮੁਲਜ਼ਮ ਸ੍ਰੀਨਗਰ ਤੋਂ ਹੈਰੋਇਨ ਲਿਆ ਕੇ ਪੰਜਾਬ ਤੇ ਹਿਮਾਚਲ ਦੇ ਕਈ ਹਿੱਸਿਆਂ ਵਿੱਚ ਵੇਚਦਾ ਸੀ।
ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਪਿਛਲੇ ਦੋ ਸਾਲਾਂ ਤੋਂ ਮੁਲਜ਼ਮ ਫਰਾਰ ਹੈ ਤੇ ਪੁਲਿਸ ਨੂੰ ਲੰਬੇ ਸਮੇਂ ਤੋਂ ਇਸ ਦੀ ਭਾਲ ਸੀ। ਕੋਰਟ ਵੱਲੋਂ ਵੀ ਗੋਵਿੰਦਾ ਨੂੰ ਭਗੌੜਾ ਐਲਾਨ ਕੀਤਾ ਗਿਆ ਸੀ। ਮੁਲਜ਼ਮ ਪਿਛਲੇ ਲੰਬੇ ਸਮੇਂ ਤੋਂ ਹਿਮਾਚਲ 'ਚ ਲੁੱਕ ਕੇ ਰਹਿ ਰਿਹਾ ਸੀ ਤੇ ਉਥੋਂ ਹੀ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਮੁਲਜ਼ਮ ਵਿਰੁੱਧ ਰਿਮਾਂਡ ਹਾਸਲ ਕਰਨਗੇ। ਉਨ੍ਹਾਂ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਮਾਮਲੇ 'ਚ ਵੱਡੇ ਖੁਲਾਸੇ ਹੋਣ ਦੀ ਉਮੀਦ ਪ੍ਰਗਟਾਈ ਹੈ।