ਜਲੰਧਰ : ਸ਼ਹਿਰ ਦੇ ਪ੍ਰਤਾਪ ਬਾਗ ਨੇੜਲੇ ਰਿਹਾਇਸ਼ੀ ਇਲਾਕੇ ਤੋਂ ਪੁਲਿਸ ਨੇ ਛਾਪੇਮਾਰੀ ਕਰ ਇੱਕ ਗੁਦਾਮ ਚੋਂ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਗੁਦਾਮ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਬਾਰੇ ਦੱਸਦੇ ਹੋਏ ਸਬ-ਇੰਸਪੈਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਪੁਲਿਸ ਨੂੰ ਇੱਕ ਵਿਅਕਤੀ ਵੱਲੋਂ ਬਿਨਾਂ ਸਰਕਾਰੀ ਲਾਇਸੈਂਸ ਦੇ ਭਾਰੀ ਮਾਤਰਾ 'ਚ ਪਟਾਕੇ ਰੱਖਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਰੇਡ ਦੇ ਦੌਰਾਨ ਗੁਦਾਮ 'ਚ ਸਟੋਰ ਕੀਤੇ ਗਏ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਵੱਲੋਂ ਇਹ ਗੁਦਾਮ ਰਿਹਾਇਸ਼ੀ ਇਲਾਕੇ 'ਚ ਬਣਾਇਆ ਗਿਆ ਹੈ।ਇਥੇ ਵੱਡੀ ਮਾਤਰਾ 'ਚ ਬਿਨਾਂ ਲਾਇਸੈਂਸ ਤੋਂ ਨਜਾਇਜ਼ ਪਟਾਕੇ ਸਟੋਰ ਕਰਕੇ ਰੱਖੇ ਗਏ ਸਨ।
ਪੁਲਿਸ ਨੇ ਮੌਕੇ 'ਤੇ ਮੁਲਜ਼ਮ ਗੁਦਾਮ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ ਗੋਰਾ ਵਜੋਂ ਹੋਈ ਹੈ। ਸਬ-ਇੰਸਪੈਕਟਰ ਨੇ ਦੱਸਿਆ ਕਿ ਉਕਤ ਮੁਲਜ਼ਮ 'ਤੇ ਪਹਿਲਾਂ ਵੀ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਸਟੋਰ ਕਰਨ ਤੇ ਵੇਚਣ ਦਾ ਮਾਮਲਾ ਦਰਜ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।