ਕਪੂਰਥਲਾ : ਥਾਣਾ ਸੁਲਤਾਨਪੁਰ ਲੋਧੀ ਦੀ ਚੌਂਕੀ ਭੁਲਾਣਾ ਦੀ ਪੁਲਿਸ ਪਾਰਟੀ ਵਲੋਂ ਅੱਜ ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ 'ਤੇ ਇੱਕ ਟਰੱਕ ਨੂੰ ਕਾਬੂ ਕੀਤਾ ਗਿਆ, ਜਿਸ 'ਚੋਂ ਭਾਰੀ ਮਾਤਰਾ 'ਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ 'ਤੇ ਰੇਲ ਕੋਚ ਫੈਕਟਰੀ ਨੇੜੇ ਟਰੱਕ ਮੋੜਨ ਦੌਰਾਨ ਉਹ ਗੁਰਦੁਆਰਾ ਰਵਿਦਾਸ ਸੇਵਕ ਸਭਾ ਦੀ ਕੰਧ ਨਾਲ ਟਕਰਾ ਗਿਆ, ਜਿਸ ਕਾਰਨ ਗੁਰਦੁਆਰਾ ਪ੍ਰਬੰਧਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ।
ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਜਦ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 1036 ਪੇਟੀਆਂ ਬਿਨਾਂ ਲੇਬਲ ਅਤੇ ਬਿਨਾਂ ਕਿਸੇ ਮਾਰਕੇ ਤੋਂ ਨਜਾਇਜ ਸ਼ਰਾਬ ਦੀਆਂ ਬਰਾਮਦ ਹੋਈਆਂ। ਇਹ ਨਜਾਇਜ਼ ਸ਼ਰਾਬ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣੀ ਦੱਸੀ ਜਾ ਰਹੀ ਹੈ।
ਇਸ ਸੰਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਕੇਸ ਦਰਜ਼ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ, ਜਿਸ ਦੀ ਪਛਾਣ ਬਰਿੰਦਰ ਸਿੰਘ ਪੁੱਤਰ ਕੇਹਰ ਸਿੰਘ ਨਿਵਾਸੀ ਪਿੰਡ ਬੱਡਪੁਰ ਥਾਣਾ ਧਨੌਲਾ ਵਜੋਂ ਹੋਈ ਹੈ, ਜਦ ਕਿ ਟਰੱਕ ਦੇ ਕਲੀਨਡਰ ਜਸਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ।