ਪਟਨਾ (ਬਿਹਾਰ): ਬਿਹਾਰ ਪੁਲਿਸ ਨੇ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ (ਪੀਐਮਸੀਐਚ) ਦੇ ਕੋਵਿਡ-19 ਕੁਆਰੰਟੀਨ ਸੈਂਟਰ ਵਿਖੇ ਇੱਕ ਨਾਬਾਲਗ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਇੱਕ ਗਾਰਡ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਹੇਸ਼ ਪ੍ਰਸਾਦ ਵਜੋਂ ਹੋਈ ਹੈ ਜੋ ਕਿ ਪਿਛਲੇ 3 ਮਹੀਨਿਆਂ ਤੋਂ ਪੀਐਮਸੀਐਚ ਵਿੱਚ ਗਾਰਡ ਵਜੋਂ ਕੰਮ ਕਰ ਰਿਹਾ ਸੀ।
ਪੁਲਿਸ ਮੁਤਾਬਕ ਇਹ ਘਟਨਾ 8 ਜੁਲਾਈ ਦੀ ਹੈ। ਪੀੜਤਾ ਨੂੰ ਇਲਾਜ ਲਈ ਪੀਐਮਸੀਐਚ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਰਾਤ ਨੂੰ ਗਾਰਡ ਨੇ ਉਸ ਨਾਲ ਜਬਰ ਜਨਾਹ ਕੀਤਾ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਅਧਾਰ 'ਤੇ ਪੋਕਸੋ ਐਕਟ ਤਹਿਤ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬਿਹਾਰ ਮਹਿਲਾ ਕਮਿਸ਼ਨ ਵਿਭਾਗ ਦੀ ਪ੍ਰਧਾਨ ਦਲਮਾਨੀ ਮਿਸ਼ਰਾ ਨੇ ਕਿਹਾ ਕਿ ਪੀੜਤਾ ਦਾ ਮੈਡੀਕਲ ਕਰਵਾ ਦਿੱਤਾ ਗਿਆ ਹੈ। ਅਗਲੇ 2-3 ਦਿਨਾਂ ਤੱਕ ਪੀੜਤਾ ਦੀ ਮੈਡੀਕਲ ਰਿਪੋਰਟ ਉਪਲੱਬਧ ਹੋ ਜਾਵੇਗੀ। ”ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਸੀਂ ਇਸ ਘਟਨਾ ਦਾ ਨੋਟਿਸ ਲਿਆ ਹੈ। ਇਹ ਬਹੁਤ ਗੰਭੀਰ ਮਾਮਲਾ ਹੈ। ਦੋਸ਼ੀ ਨੂੰ ਉਸ ਦੇ ਅਪਰਾਧ ਲਈ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।”
ਹਾਲਾਂਕਿ, ਮੁਲਜ਼ਮ ਮਹੇਸ਼ ਪ੍ਰਸਾਦ ਨੇ ਦਾਅਵਾ ਕੀਤਾ ਕਿ ਉਹ ਬੇਕਸੂਰ ਹੈ। ਉਸ ਨੇ ਕਿਹਾ, "ਮੈਂ ਕੋਈ ਨਾਜਾਇਜ਼ ਕੰਮ ਨਹੀਂ ਕੀਤਾ ਹੈ। ਪੁਲਿਸ ਨੇ ਮੇਰਾ ਮੋਬਾਈਲ ਖੋਹ ਲਿਆ ਹੈ, ਉਹ ਕਾਲ ਰਿਕਾਰਡਿੰਗ ਅਤੇ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ। ਮੈਂ ਪਿਛਲੇ 3 ਮਹੀਨਿਆਂ ਤੋਂ ਇਥੇ ਕੰਮ ਕਰ ਰਿਹਾ ਹਾਂ।"