ਅੰਮ੍ਰਿਤਸਰ : ਸ਼ਹਿਰ ਦੇ ਛੇਹਰਟਾ ਵਿਖੇ ਇੱਕ ਲੜਕੀ ਤੇ ਉਸ ਦੇ ਪਿਤਾ ਨਾਲ ਕੁੱਟਮਾਰ ਹੋਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਵੱਲੋਂ ਛੇਹਰਟਾ ਵਿਖੇ ਸਥਿਤ ਸ਼ਿਵ ਸੈਨਾ ਦੇ ਦਫ਼ਤਰ ਅਤੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਬਾਰੇ ਦੱਸਦੇ ਹੋਏ ਪੀੜਤ ਲੜਕੀ ਦਾ ਕਹਿਣਾ ਹੈ ਕਿ ਉਸ ਦੇ ਗੁਆਂਢ 'ਚ ਰਹਿਣ ਵਾਲੀ ਦੋ ਔਰਤਾਂ ਨਾਲ ਉਨ੍ਹਾਂ ਛੇ ਮਹੀਨੇ ਪਹਿਲਾਂ ਆਪਸੀ ਵਿਵਾਦ ਹੋਇਆ ਸੀ। ਇਹ ਵਿਵਾਦ ਕਿਸੇ ਪਲਾਟ ਨੂੰ ਲੈ ਕੇ ਹੋਇਆ ਸੀ। ਬੀਤੇ ਦਿਨ ਉਹ ਆਪਣੇ ਘਰ ਵਿੱਚ ਸੀ ਤੇ ਉਸ ਸਮੇਂ ਉਸ ਕੋਲ ਦੋਵੇਂ ਔਰਤਾਂ ਆਈਆਂ ਅਤੇ ਉਸ ਨਾਲ ਕੁੱਟਮਾਰ ਕਰਨ ਲੱਗੀਆਂ। ਉਕਤ ਮਹਿਲਾਵਾਂ ਨੇ ਉਸ ਨਾਲ ਗਾਲੀ ਗਲੌਚ ਵੀ ਕੀਤਾ। ਪੀੜਤ ਨੇ ਦੱਸਿਆ ਕਿ ਕੁੱਟਮਾਰ ਕਰਨ ਮਗਰੋਂ ਉਕਤ ਔਰਤਾਂ ਨੇ ਦੋ ਹੋਰ ਲੋਕਾਂ ਨੂੰ ਸੱਦ ਲਿਆ ਜਿਨ੍ਹਾਂ ਨੇ ਉਸ ਦੇ ਪਿਤਾ ਨਾਲ ਕੁੱਟਮਾਰ ਕੀਤੀ। ਪੁਲਿਸ ਕੋਲ ਸੁਣਵਾਈ ਨਾ ਹੋਣ ਦੇ ਚਲਦੇ ਉਸ ਨੇ ਸ਼ਿਵ ਸੈਨਾ ਦੇ ਦਫ਼ਤਰ 'ਚ ਸ਼ਿਕਾਇਤ ਦਿੱਤੀ। ਪੀੜਤਾ ਨੇ ਇਨਸਾਫ ਦੀ ਮੰਗ ਕਰਦਿਆਂ ਜਲਦ ਤੋਂ ਜਲਦ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਉਥੇ ਹੀ ਦੂਜੇ ਪਾਸੇ ਜਦ ਇਸ ਸਬੰਧ 'ਚ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਵਿਰੋਧੀ ਧਿਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਸੀਸੀਟੀਵੀ ਫੁੱਟੇਜ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ 'ਚ ਆਪਸੀ ਵਿਵਾਦ ਦੇ ਚਲਦੇ ਇਹ ਘਟਨਾ ਵਾਪਰੀ ਹੈ। ਉਨ੍ਹਾਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।