ਬਰਨਾਲਾ : ਪੁਲਿਸ ਨੇ ਕਰੀਬ ਪੰਜ ਮਹੀਨੇ ਪਹਿਲਾਂ ਪਿੰਡ ਕਰਮਗੜ੍ਹ 'ਚ ਹੋਏ ਬਜ਼ੁਰਗ ਦੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਕਤਲ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਵਿਖੇ 18 ਜਨਵਰੀ ਨੂੰ ਇੱਕ 65 ਸਾਲਾ ਬਜ਼ੁਰਗ ਬੰਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇ ਪੋਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਦਾਦਾ ਬੰਤ ਸਿੰਘ ਨਵੇਂ ਬਣਾਏ ਘਰ ਵਿੱਚ ਰਾਤ ਨੂੰ ਸੌਂ ਰਿਹਾ ਸੀ, ਜਿਸ ਨੂੰ ਉਹ ਚਾਹ ਦੇਣ ਲਈ ਗਿਆ ਤਾਂ ਬਜ਼ੁਰਗ ਦੇ ਸੱਟਾਂ ਦੇ ਨਿਸ਼ਾਨ ਲੱਗੇ ਹੋਏ ਸਨ 'ਤੇ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦੀ ਸੂਚਨਾ ਪੁਲਿਸ ਅਤੇ ਪਰਿਵਾਰ ਨੂੰ ਦਿੱਤੀ। ਇਸ ਤੋਂ ਬਾਅਦ ਉਸ ਦੇ ਦਾਦੇ ਦਾ ਕਤਲ ਹੋਣ ਬਾਰੇ ਪਤਾ ਲੱਗਾ। ਗੁਰਦੀਪ ਨੇ ਦੱਸਿਆ ਕਿ ਕੁੱਝ ਸਮੇਂ ਪਹਿਲਾਂ ਦੋ ਮੁਲਜ਼ਮਾਂ ਦੀ ਉਸ ਦੇ ਦਾਦੇ ਨਾਲ ਤਕਰਾਰ ਹੋਈ ਸੀ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਬਾਰੇ ਦੱਸਦੇ ਹੋਏ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ 18 ਜਨਵਰੀ ਨੂੰ ਪੁਲਿਸ ਨੂੰ ਇੱਕ ਬਜ਼ੁਰਗ ਦਾ ਕਤਲ ਹੋਣ ਬਾਰੇ ਸੂਚਨਾ ਮਿਲੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਪਿਛਲੇ ਪੰਜ ਮਹੀਨੀਆਂ ਤੋਂ ਮੁਲਜ਼ਮ ਦੀ ਭਾਲ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਚੋਂ ਦੋ ਮੁਲਜ਼ਮ ਮ੍ਰਿਤਕ ਦੇ ਗੁਆਂਢੀ ਹਨ ਤੇ ਇੱਕ ਮੁਲਜ਼ਮ ਨੇੜਲੇ ਪਿੰਡ ਦਾ ਹੈ। ਮੁਲਜ਼ਮਾਂ ਨੇ ਆਪਸੀ ਰੰਜਿਸ਼ ਦੇ ਚਲਦੇ ਬਜ਼ੁਰਗ ਦਾ ਕਤਲ ਕੀਤਾ ਸੀ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।