ਹਰਿਆਣਾ : ਨੂੰਹ ਵਿਖੇ ਫ਼ਿਰੋਜ਼ਪੁਰ ਝਿਰਕਾ ਸ਼ਹਿਰ ਨੇੜੇ ਤੀਜੀ ਜਮਾਤ ਦੀ ਅੱਠ ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰਨ ਲਈ ਮਹਿਲਾ ਐੱਸਐਚਓ ਸੀਮਾ ਦੀ ਅਗਵਾਈ 'ਚ ਐੱਸਆਈਟੀ ਟੀਮ ਤਿਆਰ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਰਵਾਰ ਨੂੰ ਠੰਡ ਦੇ ਕਾਰਨ ਸਕੂਲ ਦੀਆਂ ਛੁੱਟੀਆਂ ਸਨ। ਤੀਜੀ ਜਮਾਤ ਵਿੱਚ ਪੜ੍ਹ ਰਹੀ ਇੱਕ ਵਿਦਿਆਰਥਣ ਆਪਣੇ ਪਿੰਡ ਨੇੜੇ ਅਰਾਵਲੀ ਪਹਾੜੀ 'ਤੇ ਆਪਣੀਆਂ ਬੱਕਰੀਆਂ ਲੱਭਣ ਗਈ ਸੀ। ਸ਼ਾਮ ਹੋਣ ਤੋਂ ਬਾਅਦ ਵੀ ਜਦ ਬੱਚੀ ਘਰ ਨਹੀਂ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ।
ਦੇਰ ਰਾਤ ਤੱਕ ਲੜਕੀ ਨੂੰ ਲੱਭਣ ਤੋਂ ਬਾਅਦ ਵੀ ਬੱਚੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਅਗਲੇ ਹੀ ਦਿਨ ਮੁੜ ਬੱਚੀ ਦੀ ਭਾਲ ਕੀਤੀ ਗਈ ਤਾਂ ਬੱਚੀ ਦੀ ਲਾਸ਼ ਘਰ ਤੋਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਮਾੜੇ ਹਾਲਤਾਂ 'ਚ ਮਿਲੀ। ਮ੍ਰਿਤਕ ਦੇਹ ਦੀ ਸਥਿਤੀ ਨੂੰ ਵੇਖਦਿਆਂ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਠੰਡ ਕਾਰਨ ਨਾਬਾਲਗ਼ ਦੀ ਮ੍ਰਿਤਕ ਦੇਹ ਨੂੰ ਅਕੜ ਗਈ ਸੀ। ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਹੋਰ ਪੜ੍ਹੋ : 550ਵਾਂ ਪ੍ਰਕਾਸ਼ ਪੁਰਬ: ਪਟਨਾ ਦੇ ਰਾਜਗੀਰ ਨਗਰ 'ਚ ਕੀਰਤਨ ਦਰਬਾਰ ਦਾ ਆਯੋਜਨ
ਡੀਐੱਸਪੀ ਅਨਿਲ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਨਾਬਾਲਗ਼ ਲੜਕੀ ਨਾਲ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਜਬਰ ਜਨਾਹ ਤੋਂ ਬਾਅਦ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਤੋਂ ਜਲਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਡੀਐੱਸਪੀ ਫਿਰੋਜ਼ਪੁਰ ਝਿਰਕਾ ਦੀ ਐੱਸਆਈਟੀ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਐੱਸਐੱਚਓ ਸੀਮਾ ਵੱਲੋਂ ਇਸ ਟੀਮ ਦੀ ਅਗਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਇਸ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਜਲਦ ਤੋਂ ਜਲਦ ਸੁਲਝਾਉਣ ਲਈ ਸ਼ਹਿਰ ਦੇ ਸੀਸੀਟੀਵੀ ਫੁੱਟੇਜ ਦੀ ਜਾਂਚ ਕਰ ਰਹੀ ਹੈ।