ਨਵੀਂ ਦਿੱਲੀ: ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਜੰਮੂ-ਕਸ਼ਮੀਰ ਵਿੱਚ ਖਾਲਿਸਤਾਨ ਰੈਫਰੈਂਡਮ ਲਈ ਕੈਨੇਡੀਅਨ ਸਾਈਬਰਸਪੇਸ ਤੋਂ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਕੈਨੇਡਾ ਨੇ ਰੈਫਰੈਂਡਮ-2020 ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ, ਜਿਸ ਦਾ ਭਾਰਤ ਨੇ ਸਵਾਗਤ ਕੀਤਾ ਹੈ।
ਕਸ਼ਮੀਰ ਵਿੱਚ ਸਿੱਖਾਂ ਨੂੰ ਆਜ਼ਾਦੀ ਘੁਲਾਟੀਏ ਅਤੇ ਸਿੱਖ ਯੋਧਾ ਦੱਸਦਿਆਂ ਯੂਐਸ ਸਥਿਤ ਖਾਲਿਸਤਾਨੀ ਕੱਟੜਪੰਥੀ ਸੰਗਠਨ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਰੈਫਰੈਂਡਮ-2020 ਦੀ ਹਮਾਇਤ ਕਰਨ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰੈਫਰੈਂਡਮ-2020 ਰੱਦ ਕਰਨ ਦੇ ਕੈਨੇਡਾ ਦੇ ਫੈਸਲੇ ਦਾ ਸਵਾਗਤ ਕੀਤਾ ਸੀ। ਕੈਪਟਨ ਨੇ ਕੈਨੇਡੀਅਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਬਿਆਨ ਸਬੰਧੀ ਮੀਡੀਆ ਰਿਪੋਰਟ ‘ਤੇ ਪ੍ਰਤੀਕ੍ਰਿਆ ਦਿੱਤੀ ਸੀ। ਬੁਲਾਰੇ ਨੇ ਕਿਹਾ ਸੀ ਕਿ ਕੈਨੇਡਾ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਖੇਤਰੀ ਅਖੰਡਤਾ ਦਾ ਸਮਰਥਨ ਕਰਦਾ ਹੈ ਅਤੇ ਕੈਨੇਡਾ ਇਸ ਰੈਫਰੈਂਡਮ ਨੂੰ ਮਾਨਤਾ ਨਹੀਂ ਦੇਵੇਗਾ।
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਗੁਰਪਤਵੰਤ ਪੰਨੂੰ ਸਣੇ 9 ਵਿਅਕਤੀਆਂ ਨੂੰ ਅੱਤਵਾਦੀ ਐਲਾਨ ਚੁੱਕੀ ਹੈ।
- ਪਾਕਿਸਤਾਨ ਸਥਿਤ ਬੀਕੇਆਈ ਮੁਖੀ ਵਧਾਵਾ ਸਿੰਘ ਬੱਬਰ
- ਪਾਕਿ ਅਧਾਰਤ ਆਈਐਸਵਾਈਐਫ ਦੇ ਮੁਖੀ ਲਖਬੀਰ ਸਿੰਘ
- ਪਾਕਿ ਅਧਾਰਤ ਕੇਜੇਐਫ ਦੇ ਮੁਖੀ ਰਣਜੀਤ ਸਿੰਘ
- ਪਾਕਿ ਅਧਾਰਤ ਕੇਸੀਐਫ ਮੁਖੀ ਪਰਮਜੀਤ ਸਿੰਘ
- ਜਰਮਨੀ ਅਧਾਰਤ ਕੇਕੇਐਫਐਫ ਦੇ ਮੈਂਬਰ ਭੁਪਿੰਦਰ ਸਿੰਘ ਭਿੰਦਾ
- ਜਰਮਨੀ ਸਥਿਤ ਕੇਜ਼ੈਡਐਫ ਮੈਂਬਰ ਗੁਰਮੀਤ ਸਿੰਘ ਬੱਗਾ
- ਐਸਐਫਜੇ ਮੁੱਖ ਮੈਂਬਰ ਗੁਰਪਤਵੰਤ ਸਿੰਘ ਪੰਨੂ
- ਕੇਟੀਐਫ ਦੇ ਕਨੇਡਾ ਦੇ ਮੁਖੀ ਹਰਦੀਪ ਸਿੰਘ ਨਿੱਝਰ
- ਯੂਕੇ ਸਥਿਤ ਬੀਕੇਆਈ ਮੁਖੀ ਪਰਮਜੀਤ ਸਿੰਘ
ਕੀ ਹੈ ਮਾਮਲਾ?
ਦੱਸਣਯੋਗ ਹੈ ਕਿ ਅਮਰੀਕਾ ਤੋਂ ‘ਖਾਲਿਸਤਾਨ ਗਰੁੱਪ ਸਿਖਸ ਫਾਰ ਜਸਟਿਸ’ ਦੀ ਮੁਹਿੰਮ ਚਲਾ ਰਹੇ ਗੁਰਪਤਵੰਤ ਸਿੰਘ ਪੰਨੂੰ ਰਿਕਾਰਡ ਕੀਤੇ ਫੋਨ ਕਾਲਾਂ ਰਾਹੀਂ ਸਿੱਖਾਂ ਨੂੰ ਭੜਕਾ ਰਹੇ ਹਨ। ਦਰਜ ਕੀਤੀ ਕਾਲ ਵਿੱਚ ਕਿਹਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਰਾਉਣ ਜਾ ਰਹੇ ਹਾਂ।
ਰਿਕਾਰਡ ਕੀਤੇ ਫੋਨ ਕਾਲ ਰਾਹੀਂ ਗੁਰਪਤਵੰਤ ਨੇ ਹਰਿਆਣਾ ਦੀ ਸਿੱਖ ਕੌਮ ਨੂੰ ਵੀ ਜਨਮਤ -2020 ਵਿੱਚ ਯੋਗਦਾਨ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਜਾ ਰਹੇ ਹਾਂ। ਪੰਨੂੰ ਨੇ ਆਪਣੇ ਸੰਦੇਸ਼ ਵਿੱਚ ਦਾਅਵਾ ਕੀਤਾ ਹੈ ਕਿ ਹਰਿਆਣਾ ਦੇ ਲੋਕ ਹਮੇਸ਼ਾਂ ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਦੇ ਵਿਰੁੱਧ ਖੜੇ ਹਨ। ਉਸ ਨੇ ਜਾਣਬੁੱਝ ਕੇ ਸ਼ਰਾਰਤ ਅਤੇ ਅਸੰਤੁਲਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।