ਸਰੀ/ਕੈਨੇਡਾ: ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਖ਼ਬਰ ਮੁਤਾਬਕ, ਹਰਦੀਪ ਸਿੰਘ ਨਿੱਝਰ, ਇੱਕ ਖਾਲਿਸਤਾਨੀ ਸਮਰਥਕ, ਕੈਨੇਡਾ ਦੇ ਸਰੀ ਵਿੱਚ ਇੱਕ ਗੋਲੀਬਾਰੀ ਵਿੱਚ ਮਾਰਿਆ ਗਿਆ ਹੈ। ਨਿੱਝਰ ਨੂੰ ਪਹਿਲਾਂ ਭਾਰਤ ਸਰਕਾਰ ਨੇ ਹਿੰਸਾ ਦੀਆਂ ਵੱਖ-ਵੱਖ ਕਾਰਵਾਈਆਂ ਅਤੇ ਵਿਨਾਸ਼ਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ 'ਵਾਂਟੇਡ ਅੱਤਵਾਦੀ' ਐਲਾਨ ਕੀਤਾ ਸੀ।
ਹਾਲ ਹੀ ਵਿੱਚ, ਨਿੱਝਰ ਦਾ ਨਾਮ ਭਾਰਤ ਸਰਕਾਰ ਦੁਆਰਾ ਜਾਰੀ ਕੀਤੀ ਗਈ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ, ਜਿਸ ਵਿੱਚ 40 ਹੋਰ 'ਮਨੋਨੀਤ ਅੱਤਵਾਦੀਆਂ' ਦੇ ਨਾਮ ਸ਼ਾਮਲ ਸਨ। ਇਸ ਤੋਂ ਇਲਾਵਾ, ਨਿੱਝਰ ਵੱਖਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ (SFJ) ਦਾ ਸਰਗਰਮ ਮੈਂਬਰ ਸੀ, ਜਿਸ ਬਾਰੇ ਭਾਰਤ ਵੀ ਚੌਕਸ ਸੀ। ਬਰੈਂਪਟਨ ਸ਼ਹਿਰ ਵਿੱਚ ਖਾਲਿਸਤਾਨੀ ਜਨਮਤ ਸੰਗ੍ਰਹਿ ਕਰਵਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ।
ਗੁਰਦੁਆਰੇ ਦੇ ਬਾਹਰ ਮਾਰੀ ਗੋਲੀ: ਜਾਣਕਾਰੀ ਮੁਤਾਬਕ, ਹਰਦੀਪ ਸਿੰਘ ਦੇ ਉੱਤੇ ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਉਹ ਸਰੀ ਵਿਖੇ ਗੁਰਦੁਆਰਾ ਦੇ ਬਾਹਰ ਕਾਰ ਪਾਰਕਿੰਗ ਵਿੱਚ ਸੀ। ਜਿੱਥੇ 2 ਅਣਪਛਾਤਿਆਂ ਨੇ ਆ ਕੇ ਉਸ ਉੱਤੇ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਹਰਦੀਪ ਸਿੰਘ ਦੀ ਕਾਰ ਦੇ ਅੰਦਰ ਹੀ ਮੌਤ ਹੋ ਗਈ। ਦੱਸ ਦਈਏ ਕਿ ਹਰਦੀਪ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪੰਜਾਬੀ ਬਹੁਗਿਣਤੀ ਵਾਲੇ ਸ਼ਹਿਰ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਹ ਇਸ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਸੀ।
ਇਹ ਸਨ ਹਰਦੀਪ ਸਿੰਘ ਨਿੱਝਰ ਉੱਤੇ ਇਲਜ਼ਾਮ: 2022 ਵਿੱਚ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਨਿੱਝਰ ਉੱਤੇ ਪੰਜਾਬ ਦੇ ਜਲੰਧਰ ਵਿੱਚ ਇੱਕ ਹਿੰਦੂ ਪੁਜਾਰੀ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਕਥਿਤ ਦੋਸ਼ਾਂ ਤੋਂ ਬਾਅਦ ਉਸ ਉੱਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ। ਪੁਜਾਰੀ ਨੂੰ ਮਾਰਨ ਦੀ ਸਾਜ਼ਿਸ਼ ਖਾਲਿਸਤਾਨ ਟਾਈਗਰ ਫੋਰਸ (KTF) ਨੇ ਰਚੀ ਸੀ, ਨਿੱਝਰ ਜੋ ਕਿ ਕੈਨੇਡਾ ਵਿੱਚ ਰਹਿੰਦਾ ਸੀ, ਕੇਟੀਐਫ ਦਾ ਮੁਖੀ ਸੀ। ਇਸ ਤੋਂ ਪਹਿਲਾਂ ਐਨਆਈਏ ਨੇ ਵੀ ਨਿੱਝਰ ਖ਼ਿਲਾਫ਼ ਭਾਰਤ ਖ਼ਿਲਾਫ਼ ਅਤਿਵਾਦੀ ਕਾਰਵਾਈਆਂ ਕਰਨ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ।