ਬਾਲੀ: ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ਉੱਤੇ ਸੋਮਵਾਰ ਤੜਕੇ 6.2 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਭੱਜਣ ਲੱਗੇ। ਹਾਲਾਂਕਿ ਅਜੇ ਤੱਕ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਇਹ ਵੀ ਪੜੋ: Weather Update: ਪੰਜਾਬ ਵਿੱਚ ਠੰਢ ਦਾ ਨਵਾਂ ਦੌਰ, ਸ਼ਿਮਲੇ ਵਾਂਗ ਪੈਣ ਲੱਗੀ ਬਰਫ਼ !
ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (USGS) ਦੇ ਅਨੁਸਾਰ, ਇੰਡੋਨੇਸ਼ੀਆ ਦੇ ਤੱਟ 'ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.2 ਮਾਪੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਆਪਣੀ ਵੈੱਬਸਾਈਟ 'ਤੇ ਇਕ ਅਪਡੇਟ 'ਚ ਕਿਹਾ ਕਿ ਭੂਚਾਲ ਇੰਡੋਨੇਸ਼ੀਆ ਦੇ ਸਿੰਗਕਿਲ ਸ਼ਹਿਰ ਤੋਂ 40 ਕਿਲੋਮੀਟਰ ਦੱਖਣ-ਪੂਰਬ 'ਚ ਆਇਆ।
ਭੂਚਾਲ 03:59 (ਸਥਾਨਕ ਸਮੇਂ) 'ਤੇ 37 ਕਿਲੋਮੀਟਰ ਦੀ ਡੂੰਘਾਈ 'ਤੇ ਰਿਕਾਰਡ ਕੀਤਾ ਗਿਆ। ਅਜੇ ਤੱਕ ਦੇਸ਼ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਹ ਖੇਤਰ ਦੱਖਣ-ਪੂਰਬੀ ਏਸ਼ੀਆ ਅਤੇ ਓਸ਼ੇਨੀਆ ਵਿੱਚ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰਾਂ ਦੇ ਵਿਚਕਾਰ ਸਥਿਤ ਹੈ। ਇੰਡੋਨੇਸ਼ੀਆ ਵਿੱਚ 17,000 ਤੋਂ ਵੱਧ ਟਾਪੂ ਹਨ।
ਮੁੱਖ ਟਾਪੂ ਜਾਵਾ ਦੇ ਵੱਖ-ਵੱਖ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ: ਦੱਸ ਦੇਈਏ ਕਿ ਦਸੰਬਰ ਵਿੱਚ ਵੀ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਅਤੇ ਮੁੱਖ ਟਾਪੂ ਜਾਵਾ ਦੇ ਵੱਖ-ਵੱਖ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਭੂਚਾਲ ਕਾਰਨ ਰਾਜਧਾਨੀ ਜਕਾਰਤਾ ਦੀਆਂ ਅਸਮਾਨੀ ਇਮਾਰਤਾਂ ਕਈ ਸਕਿੰਟਾਂ ਤੱਕ ਕੰਬਦੀਆਂ ਰਹੀਆਂ। ਕੁਝ ਇਮਾਰਤਾਂ ਵਿੱਚ ਵਸਨੀਕਾਂ ਨੂੰ ਖਾਲੀ ਕਰਨ ਦਾ ਹੁਕਮ ਵੀ ਜਾਰੀ ਕੀਤਾ ਗਿਆ ਸੀ।
ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਇਸਦਾ ਕੇਂਦਰ ਪੱਛਮੀ ਜਾਵਾ ਪ੍ਰਾਂਤ ਵਿੱਚ ਸਿਰੰਜੰਗ-ਹਿਲੀਰ ਤੋਂ 14 ਕਿਲੋਮੀਟਰ ਉੱਤਰ ਪੱਛਮ ਵਿੱਚ 123.7 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਪੱਛਮੀ ਜਾਵਾ ਉਹੀ ਪ੍ਰਾਂਤ ਹੈ ਜਿੱਥੇ 21 ਨਵੰਬਰ ਨੂੰ ਸਿਆਨਜੂਰ ਸ਼ਹਿਰ ਵਿੱਚ 5.6 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ ਘੱਟੋ-ਘੱਟ 334 ਲੋਕ ਮਾਰੇ ਗਏ ਸਨ ਅਤੇ ਲਗਭਗ 600 ਹੋਰ ਜ਼ਖਮੀ ਹੋ ਗਏ ਸਨ।
ਇੰਡੋਨੇਸ਼ੀਆ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ: ਇੰਡੋਨੇਸ਼ੀਆ ਵਿੱਚ 2018 ਦੇ ਭੂਚਾਲ ਅਤੇ ਸੁਨਾਮੀ ਤੋਂ ਬਾਅਦ ਇਹ ਭੂਚਾਲ ਸਭ ਤੋਂ ਭਿਆਨਕ ਸੀ, ਜਿਸ ਵਿੱਚ ਲਗਭਗ 4,340 ਲੋਕ ਮਾਰੇ ਗਏ ਸਨ। ਇਸ ਦੀ ਡੂੰਘਾਈ ਵੀ ਜ਼ਿਆਦਾ ਨਹੀਂ ਸੀ। ਇੰਡੋਨੇਸ਼ੀਆ ਨੂੰ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਪਰ ਇਸ ਦੇ ਝਟਕੇ ਜਕਾਰਤਾ ਵਿੱਚ ਘੱਟ ਹੀ ਮਹਿਸੂਸ ਕੀਤੇ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ 27 ਕਰੋੜ ਤੋਂ ਵੱਧ ਦੀ ਆਬਾਦੀ ਵਾਲਾ ਇਹ ਦੇਸ਼ ਅਕਸਰ ਭੂਚਾਲ, ਜਵਾਲਾਮੁਖੀ ਫਟਣ ਅਤੇ ਸੁਨਾਮੀ ਵਰਗੀਆਂ ਕੁਦਰਤੀ ਆਫ਼ਤਾਂ ਨਾਲ ਪ੍ਰਭਾਵਿਤ ਹੁੰਦਾ ਹੈ।
ਇਹ ਵੀ ਪੜੋ: Coronavirus Update: ਭਾਰਤ ਵਿੱਚ ਕੋਰੋਨਾ ਦੇ 104 ਨਵੇਂ ਮਾਮਲੇ, ਜਦਕਿ ਪੰਜਾਬ ਤੋਂ ਸਿਰਫ਼ 01 ਨਵਾਂ ਮਾਮਲਾ ਦਰਜ