ਹਵਾਨਾ: ਕਿਊਬਾ ਦੀ ਰਾਜਧਾਨੀ ਹਵਾਨਾ ਵਿੱਚ ਸੋਮਵਾਰ ਨੂੰ ਇੱਕ ਆਲੀਸ਼ਾਨ ਹੋਟਲ ਦੇ ਮਲਬੇ ਵਿੱਚੋਂ ਕੁਝ ਹੋਰ ਲਾਸ਼ਾਂ ਕੱਢੀਆਂ ਗਈਆਂ, ਜਿਸ ਨਾਲ ਹੋਟਲ ਵਿੱਚ ਹੋਏ ਭਿਆਨਕ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 40 ਹੋ ਗਈ। ਹਵਾਨਾ ਦੇ 96 ਕਮਰਿਆਂ ਵਾਲੇ ਪੰਜ ਤਾਰਾ ਹੋਟਲ ਸਾਰਾਟੋਗਾ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਧਮਾਕਾ ਹੋਇਆ ਸੀ।
ਇਹ ਉਨ੍ਹੀਵੀਂ ਸਦੀ ਦਾ ਹੋਟਲ ਓਲਡ ਹਵਾਨਾ ਵਿੱਚ ਸਥਿਤ ਹੈ। ਧਮਾਕੇ ਦੇ ਸਮੇਂ ਉੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਹੋਟਲ ਨੂੰ ਮੰਗਲਵਾਰ ਨੂੰ ਖੋਲ੍ਹਣ ਦੀ ਯੋਜਨਾ ਸੀ। ਧਮਾਕੇ 'ਚ ਹੋਟਲ ਦੇ ਆਲੇ-ਦੁਆਲੇ ਦੀਆਂ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਸਿਹਤ ਮੰਤਰਾਲੇ ਵਿੱਚ ਹਸਪਤਾਲ ਸੇਵਾਵਾਂ ਦੇ ਮੁਖੀ ਡਾਕਟਰ ਜੂਲੀਓ ਗੁਆਰਾ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਪਿਛਲੇ ਕੁਝ ਘੰਟਿਆਂ ਵਿੱਚ ਮਲਬੇ ਵਿੱਚੋਂ ਹੋਰ ਲਾਸ਼ਾਂ ਕੱਢੀਆਂ ਗਈਆਂ ਹਨ। ਗੁਆਰਾ ਨੇ ਦੱਸਿਆ ਕਿ ਧਮਾਕੇ 'ਚ ਜ਼ਖਮੀ 18 ਲੋਕ ਹਸਪਤਾਲ 'ਚ ਭਰਤੀ ਹਨ। ਡੌਗ ਸਕੁਐਡ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਿਹਾ ਹੈ।
ਇਹ ਵੀ ਪੜ੍ਹੋ: ਸ਼੍ਰੀਲੰਕਾ ਹਿੰਸਾ 'ਚ ਅੱਠ ਲੋਕਾਂ ਦੀ ਮੌਤ ਤੋਂ ਬਾਅਦ ਮਹਿੰਦਾ ਰਾਜਪਕਸ਼ੇ ਦੀ ਗ੍ਰਿਫਤਾਰੀ ਦੀ ਮੰਗ
ਗੁਆਰਾ ਵੱਲੋਂ ਤਾਜ਼ਾ ਜਾਣਕਾਰੀ ਦੇਣ ਤੋਂ ਪਹਿਲਾਂ, ਮਰਨ ਵਾਲਿਆਂ ਦੀ ਗਿਣਤੀ 35 ਸੀ ਅਤੇ 20 ਲੋਕਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੂਚਨਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
(ਪੀਟੀਆਈ-ਭਾਸ਼ਾ)