ਚੰਡੀਗੜ੍ਹ: ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਕਤਲ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚਾਲੇ ਤਕਰਾਰ ਚੱਲ ਰਹੀ ਹੈ ਤੇ ਮਾਮਲਾ ਗਰਮਾਇਆ ਹੋਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਇਲਜ਼ਾਮਾਂ ਨੂੰ ਜਿੱਥੇ ਭਾਰਤ ਸਰਕਾਰ ਨੇ ਨਾਕਾਰ ਦਿੱਤਾ ਹੈ ਤੇ ਨਿਖੇਧੀ ਕੀਤੀ ਜਾ ਰਹੀ ਹੈ, ਉਥੇ ਹੀ ਹੁਣ ਕੈਨੇਡੀਅਨ ਮੀਡੀਆ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਹਨ। ਕੈਨੇਡੀਅਨ ਮੀਡੀਆ ਵਿੱਚ ਕਿਹਾ ਜਾ ਰਿਹਾ ਹੈ ਕਿ ਟਰੂਡੋ ਨੇ ਦੇਸ਼ ਵਿੱਚ ਤੇਜ਼ੀ ਨਾਲ ਘਟ ਰਹੀ ਲੋਕਪ੍ਰਿਅਤਾ ਦਰਮਿਆਨ ਇਹ ਮੁੱਦਾ ਚੁੱਕਾ ਹੈ ਅਤੇ ਜੇਕਰ ਉਹ ਇਸ ਨੂੰ ਸਹੀ ਸਾਬਤ ਨਾ ਕਰ ਸਕੇ ਤਾਂ ਉਨ੍ਹਾਂ ਨੂੰ ਘਰੇਲੂ ਅਤੇ ਵਿਸ਼ਵ ਪੱਧਰ 'ਤੇ ਕਾਫੀ ਬਦਨਾਮੀ ਦਾ ਸਾਹਮਣਾ ਕਰਨਾ ਪਵੇਗਾ।
ਕੈਨੇਡੀਅਨ ਮੀਡੀਆ ਮੰਗ ਰਿਹਾ ਸਬੂਤ: ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਹਫਤੇ ਬਿਨਾਂ ਕੋਈ ਸਬੂਤ ਦਿਖਾਏ ਕਿਹਾ ਗਿਆ ਸੀ ਕਿ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ। ਇਸੇ ਵਿਚਾਲੇ ਹੁਣ ਕੈਨੇਡੀਅਨ ਮੀਡੀਆ ਟਰੂਡੋ ਤੋਂ ਸਬੂਤ ਮੰਗ ਰਿਹਾ ਹੈ। ਮੀਡੀਆ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਜਸਟਿਨ ਟਰੂਡੋ ਸਬੂਤ ਦਿਖਾਉਣ ਵਿੱਚ ਨਾਕਾਮ ਸਾਬਤ ਹੋਏ ਤਾਂ ਘਰੇਲੂ ਅਤੇ ਵਿਸ਼ਵ ਪੱਧਰ 'ਤੇ ਇਹ ਮਾਮਲਾ ਕਾਫੀ ਵੱਡਾ ਹੋ ਜਾਵੇਗਾ।
ਟਰੂਡੋ ਨੂੰ ਨਾ ਪਸੰਦ ਕਰਨ ਲੱਗੇ ਕੈਨੇਡਾ ਦੇ ਲੋਕ: ਤਾਜ਼ਾ ਅੰਕੜਿਆਂ ਮੁਤਾਬਿਕ ਟਰੂਡੋ ਨੂੰ ਸਿਰਫ 33 ਫੀਸਦ ਪਸੰਦ ਦੀ ਰੇਟਿੰਗ ਮਿਲੀ ਹੈ ਜਦੋਂ ਕਿ 63 ਫੀਸਦ ਲੋਕ ਉਸਨੂੰ ਨਾਪਸੰਦ ਕਰਦੇ ਹਨ। ਟਰੂਡੋ ਦੀ ਸਰਕਾਰ ਫਿਲਹਾਲ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸਮਰਥਨ ਨਾਲ ਸੱਤਾ 'ਚ ਹੈ, ਜਿਸ ਦੇ 24 ਸੰਸਦ ਮੈਂਬਰ ਹਨ। ਇਸ ਪਾਰਟੀ ਦਾ ਮੁਖੀ ਜਗਮੀਤ ਸਿੰਘ ਖਾਲਿਸਤਾਨ ਦਾ ਸਮਰਥਨ ਕਰਨ ਵਾਲਾ ਮੰਨਿਆ ਜਾਂਦਾ ਹੈ।
ਮੋਦੀ ਸਰਕਾਰ ਵੀ ਸਬੂਤ ਕਰੇ ਪੇਸ਼: ਕੈਨੇਡਾ ਦੇ ਕੁਝ ਅਖਬਾਰ ਇਹ ਵੀ ਲਿਖ ਰਹੇ ਹਨ ਕਿ ਹਰਦੀਪ ਸਿੰਘ ਨਿੱਝਰ ਬਾਰੇ ਸਪੱਸ਼ਟ ਕਰਨ ਦੀ ਲੋੜ ਹੈ ਕਿ ਉਹ ਸੰਤ ਸੀ ਜਾ ਅੱਤਵਾਦੀ ਸੀ, ਜਿਵੇਂ ਕਿ ਭਾਰਤ ਸਰਕਾਰ ਦਾਅਵਾ ਕਰ ਰਹੀ ਹੈ, ਤਾਂ ਇਹ ਅਦਾਲਤ ਦੁਆਰਾ ਫੈਸਲਾ ਕੀਤਾ ਜਾਣਾ ਚਾਹੀਦਾ ਸੀ। ਜੇਕਰ ਉਸ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ ਅਤੇ ਜੇਕਰ ਟਰੂਡੋ ਸਰਕਾਰ ਅਜੇ ਵੀ ਆਪਣੀ ਗੱਲ 'ਤੇ ਕਾਇਮ ਹੈ ਤਾਂ ਭਾਰਤ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਅਖਬਾਰ ਨੇ ਲਿਖਿਆ ਕਿ ਜੇਕਰ ਮੋਦੀ ਸਰਕਾਰ ਕੋਲ ਨਿੱਝਰ ਨੂੰ ਅਪਰਾਧਾਂ ਨਾਲ ਜੋੜਨ ਵਾਲੇ ਸਬੂਤ ਸਨ ਤਾਂ ਉਸ ਨੂੰ ਉਹ ਸਬੂਤ ਕੈਨੇਡਾ ਦੀ ਅਦਾਲਤ 'ਚ ਪੇਸ਼ ਕਰਕੇ ਉਸ ਦੀ ਹਵਾਲਗੀ ਲਈ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਸੀ।
ਆਮ ਲੋਕ ਹੋ ਰਹੇ ਹਨ ਪਰੇਸ਼ਾਨ: ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਤਕਰਾਰ ਕਾਰਨ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡੀਅਨ ਮੀਡੀਆ ਲਿਖਦਾ ਹੈ ਕਿ ਇਸ ਵਿਵਾਦ ਕਾਰਨ ਨਾ ਤਾਂ ਪੀਐਮ ਮੋਦੀ ਅਤੇ ਨਾ ਹੀ ਟਰੂਡੋ ਨੂੰ ਕੋਈ ਸਮੱਸਿਆ ਆ ਰਹੀ ਹੈ, ਸਗੋਂ ਇਸ ਦਾ ਸਿੱਧਾ ਅਸਰ ਕੈਨੇਡਾ ਦੇ ਉਨ੍ਹਾਂ ਲੋਕਾਂ 'ਤੇ ਪੈ ਰਿਹਾ ਹੈ ਜੋ ਭਾਰਤ ਨਾਲ ਵਪਾਰ ਕਰਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਵੀਜ਼ਾ ਲੈਣ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ।
ਲੋਕ ਚਿੰਤਤ: ਦੱਸ ਦਈਏ ਕਿ ਭਾਰਤ ਨੇ ਤਣਾਅ ਦੇ ਵਿਚਕਾਰ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਕੈਨੇਡੀਅਨ ਭਾਰਤ ਦੇ ਪ੍ਰਮੁੱਖ ਯਾਤਰੀਆਂ ਵਿੱਚ ਸ਼ਾਮਲ ਹਨ। ਭਾਰਤ ਦੇ ਇਮੀਗ੍ਰੇਸ਼ਨ ਬਿਊਰੋ ਦੇ ਅਨੁਸਾਰ, 2021 ਵਿੱਚ 80,000 ਕੈਨੇਡੀਅਨ ਸੈਲਾਨੀਆਂ ਨੇ ਭਾਰਤ ਦਾ ਦੌਰਾ ਕੀਤਾ। ਜਦੋਂ ਤੋਂ ਵੀਜ਼ਾ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ, ਭਾਰਤੀ ਮੂਲ ਦੇ ਕੈਨੇਡੀਅਨ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਹ ਭਾਰਤ ਕਿਵੇਂ ਜਾਣਗੇ।