ਚੰਡੀਗੜ੍ਹ: ਕੈਨੇਡਾ ਸਰਕਾਰ ਨੇ ਚੁੱਪ-ਚੁਪੀਤੇ ਕੈਨੇਡਾ ਪੜ੍ਹਨ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਸਰਕਾਰ 1 ਜਨਵਰੀ, 2024 ਤੋਂ ਅੰਤਰਰਾਸ਼ਟਰੀ ਵਿਦਿਆਰਥੀ ਫੰਡ ਨੂੰ 10,000 ਡਾਲਰ ਤੋਂ ਵਧਾ ਕੇ 20,635 ਡਾਲਰ ਕਰਨ ਜਾ ਰਹੀ ਹੈ, ਇਹ ਫੰਡ ਵਿਦਿਆਰਥੀ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ ਦੇ ਮੁੱਦਿਆਂ ਨਾਲ ਨਜਿੱਠ ਲਈ ਹੁੰਦੇ ਹਨ। ਦੱਸ ਦਈਏ ਕਿ ਪੰਜਾਬ ਤੋਂ ਹਰ ਸਾਲ ਲਗਭਗ 1.50 ਲੱਖ ਨੌਜਵਾਨ ਕੈਨੇਡਾ ਜਾਂਦੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਨਵੇਂ ਨਿਯਮਾਂ ਤਹਿਤ ਕੈਨੇਡਾ ‘ਚ ਪੜ੍ਹਨ ਲਈ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਲੋੜੀਂਦੀ ਫੰਡਿੰਗ ਦੁੱਗਣੀ ਕਰਨ ਦਾ ਐਲਾਨ ਕਰਕੇ ਵਿਦਿਆਰਥੀਆਂ ‘ਤੇ ਇੱਕ ਹੋਰ ਬੋਝ ਪਾ ਦਿੱਤਾ ਹੈ।
ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਵਿੱਚ ਰੋਸ: ਕੈਨੇਡਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਫੰਡਿੰਗ ਨੂੰ ਦੁੱਗਣਾ ਕਰਨ ਨਾਲ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ੀ ਸਮੱਸਿਆਵਾਂ ਦਾ ਹੱਲ ਨਹੀਂ ਹੋਵੇਗਾ। ਇਸ ਦੇ ਉਲਟ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਸਾਰਾ ਬੋਝ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਪਾ ਰਹੀ ਹੈ। ਜਿਸ ਤੋਂ ਬਾਅਦ ਵਿਦੇਸ਼ਾਂ 'ਚ ਵਸੇ ਪੰਜਾਬੀਆਂ 'ਚ ਰੋਸ ਹੈ। ਓਟਵਾ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਸਰਕਾਰ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ੀ ਮੁੱਦਿਆਂ ਦਾ ਮੁਕਾਬਲਾ ਕਰਨ ਲਈ ਇਹ ਕਦਮ ਚੁੱਕ ਰਹੀ ਹੈ।
ਪੰਜਾਬੀ ਨੌਜਵਾਨਾਂ 'ਤੇ ਪਵੇਗਾ ਵਾਧੂ ਬੋਝ : ਕੈਨੇਡਾ ਦੇ ਇਸ ਫੈਸਲੇ ਤੋਂ ਬਾਅਦ ਹਰ ਸਾਲ ਵਿਦੇਸ਼ ਜਾਣ ਵਾਲੇ ਕਰੀਬ 1.50 ਲੱਖ ਪੰਜਾਬੀ ਨੌਜਵਾਨਾਂ 'ਤੇ 6.20 ਲੱਖ ਰੁਪਏ ਦਾ ਵਾਧੂ ਬੋਝ ਪਵੇਗਾ। ਰਿਪੋਰਟ ਮੁਤਾਬਕ 'ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ' (IRCC) ਨੇ 2022 'ਚ 2,26,450 ਵੀਜ਼ੇ ਮਨਜ਼ੂਰ ਕੀਤੇ ਸਨ। ਇਨ੍ਹਾਂ ਵਿੱਚੋਂ ਪੰਜਾਬੀ ਵਿਦਿਆਰਥੀਆਂ ਲਈ ਕਰੀਬ 1 ਲੱਖ 36 ਹਜ਼ਾਰ ਵੀਜ਼ੇ ਮਨਜ਼ੂਰ ਕੀਤੇ ਗਏ ਸਨ। ਇਹ ਵਿਦਿਆਰਥੀ 2 ਤੋਂ 3 ਸਾਲ ਤੱਕ ਉੱਥੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਂਦੇ ਹਨ।
ਜ਼ਿਆਦਾਤਰ ਵਿਦਿਆਰਥੀ ਵਿਦਿਅਕ ਕਰਜ਼ਿਆਂ ਅਤੇ ਹੋਰ ਕਰਜ਼ਿਆਂ ਨਾਲ ਪੜ੍ਹਾਈ ਅਤੇ ਖੋਜ ਕਰਨ ਲਈ ਵਿਦੇਸ਼ ਆਉਂਦੇ ਹਨ। ਹੁਣ ਨਵੇਂ ਨਿਯਮਾਂ ਤਹਿਤ ਕਰਜ਼ੇ ਦਾ ਇਹ ਬੋਝ ਹੋਰ ਵਧ ਜਾਵੇਗਾ, ਜਿਸ ਕਾਰਨ ਵਿਦਿਆਰਥੀਆਂ ਨੂੰ ਕਈ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਪਵੇਗਾ। ਅੰਤਰਰਾਸ਼ਟਰੀ ਵਿਦਿਆਰਥੀ ਪਹਿਲਾਂ ਹੀ IELTS, ਏਜੰਟਾਂ ਦੀਆਂ ਫੀਸਾਂ, ਵਿਦਿਅਕ ਕੋਰਸਾਂ ਦੀਆਂ ਮਹਿੰਗੀਆਂ ਫੀਸਾਂ, GIC, ਹਵਾਈ ਟਿਕਟਾਂ ਆਦਿ 'ਤੇ ਲੱਖਾਂ ਰੁਪਏ ਖਰਚ ਕੇ ਕੈਨੇਡਾ ਪੜ੍ਹਨ ਲਈ ਆਉਂਦੇ ਹਨ।