ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਕ ਸ਼ੀਆ ਬਹੁਲ ਖੇਤਰ 'ਚ ਸ਼ੁੱਕਰਵਾਰ ਸਵੇਰੇ ਧਮਾਕਾ ਹੋਇਆ। ਤਾਲਿਬਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਹਮਲੇ 'ਚ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 35 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਿਕ ਦਸ਼ਤੀ ਬਰਚੀ ਇਲਾਕੇ 'ਚ ਇਕ ਵਿਦਿਅਕ ਸੰਸਥਾ ਦੇ ਅੰਦਰ ਧਮਾਕਾ ਹੋਇਆ। ਅਜੇ ਤੱਕ ਕਿਸੇ ਨੇ ਵੀ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਿਟੀ ਪੁਲਿਸ ਨੇ ਕਿਹਾ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਸਿੱਖਿਆ ਕੇਂਦਰ ਵਿੱਚ ਹੋਏ ਧਮਾਕੇ ਤੋਂ ਬਾਅਦ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਇਹ ਆਤਮਘਾਤੀ ਹਮਲਾ ਦੱਸਿਆ ਜਾ ਰਿਹਾ ਹੈ।
ਕਾਬੁਲ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਇੱਕ ਮੀਡੀਆ ਏਜੰਸੀ ਨੂੰ ਦੱਸਿਆ ਹੈ ਕਿ ਧਮਾਕਾ ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਸਵੇਰੇ 7:30 ਵਜੇ ਕਾਜ ਐਜੂਕੇਸ਼ਨ ਸੈਂਟਰ ਵਿੱਚ ਹੋਇਆ। ਬਦਕਿਸਮਤੀ ਨਾਲ, ਧਮਾਕੇ ਵਿੱਚ ਕਈ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੁਰੱਖਿਆ ਬਲ ਖੇਤਰ ਵਿੱਚ ਪਹੁੰਚ ਗਏ ਹਨ ਅਤੇ ਬਾਅਦ ਵਿੱਚ ਧਮਾਕੇ ਦੀ ਕਿਸਮ ਅਤੇ ਮੌਤਾਂ ਬਾਰੇ ਸਾਂਝਾ ਕੀਤਾ ਜਾਵੇਗਾ। ਕਾਬੁਲ ਵਿੱਚ ਹਾਲ ਹੀ ਦੇ ਹਫ਼ਤਿਆਂ ਵਿੱਚ ਹੋਏ ਹਮਲਿਆਂ ਵਿੱਚ ਦਰਜਨਾਂ ਲੋਕ ਮਾਰੇ ਗਏ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਰੂਸੀ ਦੂਤਾਵਾਸ ਨੇੜੇ ਆਤਮਘਾਤੀ ਬੰਬ ਧਮਾਕੇ 'ਚ ਮਾਰੇ ਗਏ ਛੇ ਲੋਕਾਂ 'ਚੋਂ ਦੋ ਰੂਸੀ ਦੂਤਾਵਾਸ ਦੇ ਕਰਮਚਾਰੀ ਸਨ।
ਅਗਸਤ ਵਿੱਚ ਸ਼ਾਮ ਦੀ ਨਮਾਜ਼ ਦੌਰਾਨ ਇੱਕ ਮਸਜਿਦ ਵਿੱਚ ਹੋਏ ਧਮਾਕੇ ਵਿੱਚ 21 ਲੋਕ ਮਾਰੇ ਗਏ ਅਤੇ 33 ਹੋਰ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਮਲਾ ਕਾਬੁਲ ਦੀ ਕਾਜ ਅਕਾਦਮੀ 'ਤੇ ਹੋਇਆ। 2018 ਵਿੱਚ ਵੀ ਇਸੇ ਇੰਸਟੀਚਿਊਟ ਉੱਤੇ ਹਮਲਾ ਹੋਇਆ ਸੀ ਜਿਸ ਵਿੱਚ 40 ਵਿਦਿਆਰਥੀ ਮਾਰੇ ਗਏ ਸਨ ਅਤੇ 70 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਹਮਲੇ ਤੋਂ ਬਾਅਦ ਇੰਸਟੀਚਿਊਟ ਦਾ ਨਾਂ ਬਦਲ ਕੇ ਇਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਸੀ।
ਇਹ ਵੀ ਪੜੋ: ਦੱਖਣੀ ਸੈਂਡਵਿਚ ਟਾਪੂ ਵਿੱਚ ਭੁਚਾਲ ਦੇ ਜ਼ਬਰਦਸਤ ਝਟਕੇ