ਬਗਦਾਦ: ਰਾਜਧਾਨੀ ਬਗਦਾਦ ਦੇ ਭੀੜ ਭਰੇ ਬਾਜ਼ਾਰ ਵਿੱਚ ਹੋਏ ਦੋ ਆਤਮਘਾਤੀ ਧਮਾਕਿਆਂ ਵਿੱਚ ਘੱਟੋ ਘੱਟ 32 ਲੋਕ ਮਾਰੇ ਗਏ ਅਤੇ 110 ਹੋਰ ਜ਼ਖਮੀ ਹੋ ਗਏ। ਅਜੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਆਤਮਘਾਤੀ ਹਮਲੇ ਮੱਧ ਬਗਦਾਦ ਦੇ ਬਾਬ ਅਲ ਸ਼ਾਰਕੀ ਵਪਾਰਕ ਖੇਤਰ ਵਿੱਚ ਦੇਸ਼ ਵਿੱਚ ਪਹਿਲਾਂ ਚੋਣਾਂ ਕਰਾਉਣ ਦੀ ਯੋਜਨਾ ਤੋਂ ਪੈਦਾ ਹੋਏ ਤਣਾਅ ਅਤੇ ਆਰਥਿਕ ਸੰਕਟ ਦੇ ਵਿਚਕਾਰ ਹੋਏ ਹਨ।
ਇਰਾਕ ਦੇ ਸਿਹਤ ਮੰਤਰੀ ਹਸਨ ਮੁਹੰਮਦ ਅਲ-ਤਾਮਿਮਿ ਨੇ ਕਿਹਾ ਕਿ ਹਮਲੇ ਵਿੱਚ ਘੱਟੋ ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 110 ਹੋਰ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਖਮੀਆਂ ਵਿਚੋਂ ਕੁਝ ਦੀ ਹਾਲਤ ਬੇਹੱਦ ਗੰਭੀਰ ਹੈ।
ਇਰਾਕੀ ਫੌਜ ਨੇ ਪਹਿਲਾਂ ਦੱਸਿਆ ਸੀ ਕਿ ਹਮਲੇ ਵਿੱਚ ਘੱਟੋ ਘੱਟ 28 ਲੋਕਾਂ ਦੀ ਮੌਤ ਹੋ ਗਈ ਸੀ। ਇਰਾਕ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਰਾਜਧਾਨੀ ਵਿੱਚ ਸਥਿਤ ਇਸ ਦੇ ਸਾਰੇ ਹਸਪਤਾਲ ਜ਼ਖਮੀਆਂ ਦੇ ਇਲਾਜ ਵਿਚ ਰੁੱਝੇ ਹੋਏ ਹਨ।
ਜੁਆਇੰਟ ਆਪ੍ਰੇਸ਼ਨ ਕਮਾਂਡ ਦੇ ਬੁਲਾਰੇ ਮੇਜਰ ਜਨਰਲ ਤਹਿਸੀਨ ਅਲ ਖਫਾਜੀ ਨੇ ਕਿਹਾ ਕਿ ਭੀੜ ਵਾਲੇ ਬਾਜ਼ਾਰ ਵਿੱਚ ਹੋਏ ਹਮਲੇ ਤੋਂ ਪਹਿਲਾਂ ਆਤਮਘਾਤੀ ਹਮਲਾਵਰ ਚੀਕਿਆ ਕਿ ਉਹ ਬਿਮਾਰ ਸੀ, ਜਿਸ ਕਾਰਨ ਬਹੁਤ ਸਾਰੇ ਲੋਕ ਉਸਦੇ ਆਲੇ-ਦੁਆਲੇ ਇਕੱਠੇ ਹੋਏ, ਫਿਰ ਉਸਨੇ ਵਿਸਫੋਟ ਕੀਤਾ। ਦੂਜੇ ਹਮਲਾਵਰ ਨੇ ਇਸ ਤੋਂ ਥੋੜ੍ਹੀ ਦੇਰ ਬਾਅਦ ਆਪਣੇ ਆਪ ਨੂੰ ਬੰਬ ਤੋਂ ਉਡਾ ਲਿਆ।
ਲਗਭਗ ਤਿੰਨ ਸਾਲਾਂ ਵਿੱਚ ਪਹਿਲੀ ਵਾਰ ਬਗਦਾਦ ਦੇ ਭੀੜ ਭਰੇ ਬਾਜ਼ਾਰ ਵਿੱਚ ਆਤਮਘਾਤੀ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2018 ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਉੱਤੇ ਜਿੱਤ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਸੇ ਖੇਤਰ ਵਿੱਚ ਆਤਮਘਾਤੀ ਹਮਲਾ ਹੋਇਆ ਸੀ।