ਬੈਰੂਤ: ਲਿਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹੋਏ ਭਿਆਨਕ ਧਮਾਕਿਆਂ ਤੋਂ ਬਾਅਦ ਜਨਤਕ ਰੋਹ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਅਸਤੀਫ਼ਾ ਦੇ ਦਿੱਤਾ ਹੈ। ਇਸ ਧਮਾਕੇ ਵਿੱਚ 160 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋਏ। ਪ੍ਰਧਾਨ ਮੰਤਰੀ ਹਸਨ ਦਿਆਬ ਨੇ ਸੋਮਵਾਰ ਸ਼ਾਮ ਨੂੰ ਰਾਸ਼ਟਰੀ ਟੈਲੀਵਿਜ਼ਨ 'ਤੇ ਆਪਣੇ ਸੰਬੋਧਨ ਵਿਚ ਅਸਤੀਫ਼ੇ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਬੇਰੂਤ ਦੀ ਬੰਦਰਗਾਹ ਉੱਤੇ ਹੋਏ ਧਮਾਕੇ ਦੇ ਮੱਦੇਨਜ਼ਰ ਅਹੁਦਾ ਛੱਡ ਰਹੇ ਹਨ।
ਸਰਕਾਰ ਨੇ ਇਹ ਫੈਸਲਾ ਉਦੋਂ ਲਿਆ ਹੈ ਜਦੋਂ ਲੋਕ ਦੇਸ਼ ਦੇ ਨੇਤਾਵਾਂ ‘ਤੇ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਹੇ ਹਨ। ਪ੍ਰਦਰਸ਼ਨਕਾਰੀ ਲਗਾਤਾਰ ਤੀਜੇ ਦਿਨ ਸੜਕਾਂ 'ਤੇ ਉਤਰ ਆਏ ਅਤੇ ਪੁਲਿਸ ਨਾਲ ਝੜਪ ਵੀ ਹੋਈ। ਬੇਰੂਤ ਵਿਚ ਭਿਆਨਕ ਧਮਾਕਾ ਇਕ ਗੋਦਾਮ ਵਿਚ ਲੱਗੀ ਅੱਗ ਕਾਰਨ ਹੋਇਆ ਸੀ ਜਿਥੇ ਤਕਰੀਬਨ 2750 ਟਨ ਅਮੋਨੀਅਮ ਨਾਈਟ੍ਰੇਟ ਅਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਗਿਆ ਸੀ।
ਸਰਕਾਰੀ ਅਧਿਕਾਰੀਆਂ ਮੁਤਾਬਕ, ਧਮਾਕੇ ਦੇ ਸਬੰਧ ਵਿੱਚ ਲਗਭਗ 20 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਵਿੱਚ ਲਿਬਨਾਨ ਦੇ ਕਸਟਮ ਵਿਭਾਗ ਦੇ ਮੁਖੀ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਸਬੰਧ ਵਿੱਚ ਦੋ ਸਾਬਕਾ ਕੈਬਿਨੇਟ ਮੰਤਰੀਆਂ ਸਮੇਤ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ।
ਦੱਸ ਦਈਏ ਕਿ ਲਿਬਨਾਨ ਵਿੱਚ ਸਰਕਾਰ ਖਿਲਾਫ ਨਾਰਾਜ਼ਗੀ ਲੰਬੇ ਸਮੇਂ ਤੋਂ ਉਪਜ ਰਹੀ ਹੈ। 2019 ਵਿਚ ਸਰਕਾਰ ਵੱਲੋਂ ਵਟਸਐਪ ਕਾਲਾਂ 'ਤੇ ਟੈਕਸ ਲਗਾਉਣ ਦੀ ਯੋਜਨਾ ਦੇ ਵਿਰੁੱਧ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਸਨ। ਇਹ ਪ੍ਰਦਰਸ਼ਨ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰੁਕ ਗਏ ਸੀ ਪਰ ਵਿੱਤੀ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ। ਇਸ ਤੋਂ ਬਾਅਦ ਹੋਏ ਧਮਾਕੇ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਵਧਾ ਦਿੱਤਾ।