ਤੇਹਰਾਨ: ਉਡਾਣ ਭਰਨ ਦੇ ਕੁੱਝ ਹੀ ਮਿੰਟ ਬਾਅਦ ਕ੍ਰੈਸ਼ ਹੋਏ ਯੂਕਰੇਨ ਦੇ ਜਹਾਜ਼ ਦੀ ਈਰਾਨ ਨੇ ਜ਼ਿੰਮੇਵਾਰੀ ਲਈ ਹੈ। ਈਰਾਨ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਈਰਾਨੀ ਮਿਜ਼ਾਇਲਾਂ ਨੇ ਹੀ ਗਲਤੀ ਨਾਲ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ।
ਈਰਾਨ ਨੇ ਸਨਿੱਚਰਵਾਰ ਨੂੰ ਕਿਹਾ ਕਿ ਕੁੱਝ ਦਿਨ ਪਹਿਲਾਂ ਕ੍ਰੈਸ਼ ਹੋਏ ਯੂਕਰੇਨ ਦੇ ਜਹਾਜ਼ ਨੂੰ ਗਲਤੀ ਨਾਲ ਨਸ਼ਟ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਰੇਵੋਲਿਊਸ਼ਨਰੀ ਗਾਰਡਜ਼ ਦੇ ਸੰਵੇਦਨਸ਼ੀਲ ਫ਼ੋਜੀ ਠਿਕਾਣਿਆਂ ਦੇ ਕਾਫੀ ਨੇੜੇ ਸੀ।
ਈਰਾਨੀ ਸੈਨਾ ਦਾ ਕਹਿਣਾ ਹੈ ਕਿ ਜਹਾਜ਼ ਉੱਤੇ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਅਤੇ ਬਣਦੀ ਸਜ਼ਾ ਦਿੱਤੀ ਜਾਵੇਗੀ। ਫ਼ੌਜ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟਾਇਆ ਹੈ।
ਦੱਸ ਦਈਏ ਕਿ ਯੂਕਰੇਨ ਦਾ ਬੋਇੰਗ 737 ਜਹਾਜ਼ 170 ਸਵਾਰੀਆਂ ਨੂੰ ਲੈ ਕੇ ਈਰਾਨ ਦੇ ਖੋਮੈਨੀ ਹਵਾਈ ਅੱਡੇ ਕੋਲ ਹਾਦਸਾਗ੍ਰਸਤ ਹੋ ਗਿਆ ਸੀ। ਇਨ੍ਹਾਂ 170 ਸਵਾਰੀਆਂ ਵਿੱਚ ਜਹਾਜ਼ ਦਾ ਸਟਾਫ਼ ਅਤੇ ਪਾਇਲਟ ਵੀ ਮੌਜੂਦ ਸਨ। ਇਹ ਜਹਾਜ਼ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਨੂੰ ਕੂਚ ਕਰ ਰਿਹਾ ਸੀ।
ਇਹ ਵੀ ਪੜ੍ਹੋ: ਯੂਕਰੇਨ ਏਅਰਲਾਈਨਜ਼ ਦਾ ਜਹਾਜ਼ ਕ੍ਰੈਸ਼, ਕ੍ਰੂ ਮੈਂਬਰਾਂ ਸਣੇ ਸਾਰੇ ਯਾਤਰੀਆਂ ਦੀ ਮੌਤ
ਜ਼ਿਕਰਯੋਗ ਹੈ ਕਿ ਇੱਕ ਹਵਾਈ ਹਮਲੇ ਵਿੱਚ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਈਰਾਨ ਨੇ ਇਰਾਕ ਵਿੱਚ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਲਈ ਮਿਜ਼ਾਈਲਾਂ ਦਾਗੀਆਂ। ਉਸੇ ਸਮੇਂ, ਯੂਕਰੇਨ ਦਾ ਇੱਕ ਜਹਾਜ਼ ਕਰੈਸ਼ ਹੋ ਗਿਆ ਸੀ। ਹੁਣ ਈਰਾਨ ਨੇ ਮੰਨਿਆ ਹੈ ਕਿ ਇਹ ਜਹਾਜ਼ ਮਨੁੱਖੀ ਗਲਤੀ ਕਾਰਨ ਈਰਾਨ ਦੀ ਮਿਜ਼ਾਈਲ ਨਾਲ ਡਿੱਗਿਆ ਸੀ।