ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ਮੰਗਲਵਾਰ ਨੂੰ ਜ਼ਬਰਦਸਤ ਧਮਾਕੇ ਨਾਲ ਹਿੱਲ ਗਈ ਜਿਸ ਵਿੱਚ 100 ਲੋਕਾਂ ਦੀ ਜਾਨ ਚਲੀ ਗਈ ਤੇ 3000 ਲੋਕ ਜ਼ਖ਼ਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸ਼ਹਿਰ ਦੇ ਕਈ ਹਿੱਸੇ ਹਿੱਲ ਗਏ। ਇਸ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕੇ ਦੀ ਵਜ੍ਹਾ ਨਾਲ ਘਰਾਂ ਦੀਆਂ ਖਿੜਕੀਆਂ ਦੇ ਕੱਚ ਟੁੱਟ ਗਏ।
ਲੇਬਨਾਨ ਦੀ ਮੀਡੀਆ ਨੇ ਧਮਾਕੇ ਤੋਂ ਬਾਅਦ ਮਲਬੇ ਹੇਠਾਂ ਦੱਬੇ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਜਿਸ ਵਿੱਚ ਲੋਕ ਲਹੁ-ਲੁਹਾਨ ਹੋਏ ਨਜ਼ਰ ਆ ਰਹੇ ਹਨ। ਧਮਾਕੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਬੇਰੂਤ ਦੇ ਪੋਰਟ ਇਲਾਕੇ ਵਿੱਚ ਹੋਏ ਇਸ ਧਮਾਕੇ ਨੂੰ ਸ਼ਹਿਰ ਦੇ ਵੱਡੇ ਹਿੱਸਿਆਂ ਵਿੱਚ ਮਹਿਸੂਸ ਕੀਤਾ ਗਿਆ ਤੇ ਕੁਝ ਇਲਾਕਿਆਂ ਵਿੱਚ ਬਿਜਲੀ ਚਲੀ ਗਈ।
ਲੇਬਨਾਨ ਦੇ ਸਥਾਨਕ ਮੀਡੀਆ ਵੱਲੋਂ ਮਿਲੀ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਧਮਾਕਾ ਬੇਰੂਤ ਪੋਰਟ 'ਤੇ ਹੋਈ ਘਟਨਾ ਦੀ ਵਜ੍ਹਾ ਨਾਲ ਹੋ ਸਕਦਾ ਹੈ। ਇਕ ਸਥਾਨਕ ਨਾਗਰਿਕ ਨੇ ਟਵੀਟ ਕੀਤਾ, 'ਇਮਾਰਤਾਂ ਹਿੱਲ ਰਹੀਆਂ ਹਨ।'
ਇਕ ਹੋਰ ਨੇ ਲਿੱਖਿਆ, 'ਇਕ ਜ਼ਬਰਦਸਤ ਤੇ ਬਹਰਾ ਕਰ ਦੇਣ ਵਾਲੇ ਧਮਾਕੇ ਨੇ ਬੇਰੂਤ ਨੂੰ ਘੇਰ ਲਿਆ, ਮੀਲਾਂ ਦੂਰ ਤੋਂ ਇਸ ਨੂੰ ਸੁਣਿਆ ਗਿਆ।' ਲੇਬਨਾਨ ਅਖਬਾਰ ਦੀ ਆਨਲਾਈਨ ਫੁਟੇਜ ਵਿੱਚ ਟੁੱਟੀਆਂ ਖਿੜਕੀਆਂ, ਥਾਂ-ਥਾਂ ਪਿਆ ਫਰਨੀਚਰ ਤੇ ਟੁੱਟੀ ਫਾਲਸ ਸੀਲਿੰਗ ਦੇਖੀ ਜਾ ਸਕਦੀ ਹੈ।
ਭਾਰਤ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤ ਦੇ ਰਾਜਦੂਤ ਸੰਜੀਵ ਅਰੋੜਾ ਨੇ ਕਿਹਾ ਕਿ ਬੇਰੁਤ ਵਿਚ ਵਿਨਾਸ਼ਕਾਰੀ ਧਮਾਕੇ ਦੀ ਘਟਨਾ ਕਰਕੇ ਪਰੇਸ਼ਾਨ ਹਾਂ। ਲੇਬਨਾਨ ਇੱਕ ਸੋਹਣਾ ਅਤੇ ਮਿੱਤਰਤਾ ਵਾਲਾ ਦੇਸ਼ ਹੈ। ਜੋ ਸਾਨੂੰ ਬਹੁਤ ਪਿਆਰਾ ਹੈ। ਦੁਆ ਕਰਦਾ ਹਾਂ ਕਿ ਇਸ ਸੰਕਟ ਤੋਂ ਛੇਤੀ ਤੋਂ ਛੇਤੀ ਬਾਹਰ ਨਿਕਲਿਆ ਜਾ ਸਕੇ। ਪਹਿਲਾਂ ਤੋਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਇਸ ਦੇਸ਼ ਦੇ ਲਈ ਬਹੁਤ ਦੁਖੀ ਹਾਂ। ਲੇਬਨਾਨ ਸੁਰੱਖਿਅਤ ਰਹੇ ਤੇ ਵਾਪਸੀ ਕਰੇ।