ਤਹਿਰਾਨ: ਈਰਾਨ ਵਿੱਚ ਵੀ ਕੋਰੋਨਾ ਵਾਇਰਸ ਨੇ ਪੂਰਾ ਕਹਿਰ ਢਾਹ ਰੱਖਿਆ ਹੈ। ਈਰਾਨ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3800 ਤੋਂ ਪਾਰ ਹੋ ਗਈ ਹੈ। ਉੱਥੇ ਹੀ ਲੋਕਾਂ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ 600 ਲੋਕਾਂ ਦੀ ਮੌਤ ਹੋ ਗਈ, ਜਦ ਕਿ 3000 ਤੋਂ ਜ਼ਿਆਦਾ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿੰਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਬੀਤੇ ਮੰਗਲਵਾਰ ਨੂੰ ਈਰਾਨ ਵਿੱਚ ਕੁੱਝ ਲੋਕਾਂ ਨੇ ਕੋਰੋਨਾ ਵਾਇਰਸ ਦੀ ਦਵਾਈ ਸਮਝ ਕੇ ਨੀਟ ਮਤਲਬ ਬਿਨਾਂ ਪਾਣੀ ਵਾਲੀ ਸ਼ਰਾਬ ਪੀ ਲਈ, ਜਿਸ ਨੂੰ ਪੀ ਕੇ ਵੱਡੀ ਗਿਣਤੀ ਵਿੱਚ ਲੋਕ ਬੀਮਾਰ ਹੋ ਗਏ। ਜਾਣਕਾਰੀ ਮੁਤਾਬਕ ਸ਼ਰਾਬ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਰਹੀ ਹੈ।
ਇਸ ਮਾਮਲੇ ਵਿੱਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਲੋਕਾਂ ਉੱਤੇ ਅਪਰਾਥਿਕ ਗਤੀਵਿਧੀਆਂ ਦੇ ਤਹਿਤ ਮੁਕੱਦਮਾ ਚਲਾਇਆ ਜਾਵੇਗਾ। ਉੱਥੇ ਹੀ ਜੇ ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਈਰਾਨ ਵਿੱਚ 62 ਹਜ਼ਾਰ ਤੋਂ ਵਧੇਰੇ ਮਾਮਲੇ ਹਨ। ਇੱਥੋਂ ਤੱਕ ਕਿ ਈਰਾਨ ਸੰਸਦ ਦੇ ਘੱਟੋ-ਘੱਟ 31 ਮੈਂਬਰਾਂ ਨੂੰ ਵੀ ਕੋਰੋਨਾ ਵਾਇਰਸ ਦੇ ਲੱਛਣ ਹਨ।
ਬੁੱਧਵਾਰ ਦੁਪਹਿਰ ਤੱਕ ਦੁਨੀਆਂ ਭਰ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1,43,2686 ਹੋ ਗਿਆ ਅਤੇ 82 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।