ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 2 ਦਿਨੀਂ ਰੂਸ ਦੌਰੇ ‘ਤੇ ਬੁੱਧਵਾਰ ਨੂੰ ਵਲਾਦੀਵੋਸਤੋਕ ਪਹੁੰਚ ਚੁੱਕੇ ਹਨ। ਰੂਸ ਪਹੁੰਚਣ 'ਤੇ ਪੀਐਮ ਮੋਦੀ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪੀਐੱਮ ਮੋਦੀ ਤੇ ਰਾਸ਼ਟਰਪਤੀ ਪੁਤਿਨ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ।
ਰੂਸ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅੱਜ ਭਾਰਤ ਅਤੇ ਰੂਸ ਵਿਚਕਾਰ 20ਵਾਂ ਸਿਖਰ ਸੰਮੇਲਨ ਹੈ, ਜਦੋਂ ਪਹਿਲਾ ਸੰਮੇਲਨ ਹੋਇਆ ਸੀ, ਮੈਂ ਅਟਲ ਬਿਹਾਰੀ ਵਾਜਪਾਈ ਨਾਲ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਇਆ ਸੀ ਅਤੇ ਉਸ ਸਮੇਂ ਵੀ ਵਲਾਦੀਮੀਰ ਪੁਤਿਨ ਰਾਸ਼ਟਰਪਤੀ ਸਨ।" ਪੀਐਮ ਮੋਦੀ ਨੇ ਕਿਹਾ ਕਿ ਰੂਸ ਦੇ ਸਹਿਯੋਗ ਨਾਲ ਭਾਰਤ ਵਿੱਚ ਪਰਮਾਣੂ ਪਲਾਂਟ ਉਸਾਰੇ ਜਾ ਰਹੇ ਹਨ, ਅਸੀਂ ਆਪਣੇ ਸੰਬੰਧਾਂ ਨੂੰ ਰਾਜਧਾਨੀਆਂ ਤੋਂ ਬਾਹਰ ਲੈ ਜਾ ਰਹੇ ਹਨ। ਪੀਐੱਮ ਮੋਦੀ ਨੇ ਕਿਹਾ, "ਹਾਲ ਹੀ ਵਿੱਚ ਭਾਰਤ ਤੋਂ ਇੱਕ ਵਫ਼ਦ ਇਥੇ ਆਇਆ ਸੀ ਅਤੇ ਸਮਝੌਤਿਆਂ ‘ਤੇ ਗੱਲਬਾਤ ਕੀਤੀ ਗਈ ਸੀ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ-ਰੂਸ ਰੱਖਿਆ, ਖੇਤੀਬਾੜੀ, ਸੈਰ-ਸਪਾਟਾ ਅਤੇ ਵਪਾਰ ਵਿਚ ਅੱਗੇ ਵੱਧ ਰਹੇ ਹਨ। ਪੁਲਾੜ ਵਿੱਚ ਸਾਡਾ ਸਹਿਯੋਗ ਨਿਰੰਤਰ ਅੱਗੇ ਵਧ ਰਿਹਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਇੱਕ ਅਜਿਹੇ ਅਫਗਾਨਿਸਤਾਨ ਨੂੰ ਵੇਖਣਾ ਚਾਹੁੰਦਾ ਹੈ ਜੋ ਸੁਤੰਤਰ, ਸ਼ਾਂਤਮਈ ਅਤੇ ਲੋਕਤੰਤਰੀ ਹੋਵੇ। ਪੀਐੱਮ ਨੇ ਕਿਹਾ, "ਅਸੀਂ ਦੋਵੇਂ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਬਾਹਰੀ ਦਖਲ ਦੇ ਵਿਰੁੱਧ ਹਾਂ। ਅਗਲੇ ਸਾਲ, ਭਾਰਤ ਅਤੇ ਰੂਸ ਟਾਇਗਰ ਕਾਂਜਵੇਰਸ਼ਨ 'ਤੇ ਵੱਡਾ ਫੋਰਮ ਕਰਨ 'ਚ ਸਹਿਮਤੀ ਦਿੱਤੀ ਹੈ।
ਰਾਸ਼ਟਰਪਤੀ ਪੁਤਿਨ ਨੇ ਦੋਸਤੀ ਹੋਰ ਮਜ਼ਬੂਤ ਕਰਨ ਦੀ ਕੀਤੀ ਗੱਲ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਅੱਜ ਰੂਸ ਦਾ ਦੌਰਾ ਕਰ ਚੁੱਕੇ ਹਨ। ਰਾਸ਼ਟਰਪਤੀ ਪੁਤਿਨ ਨੇ ਕਿਹਾ, "ਦੋਵੇਂ ਦੇਸ਼ਾਂ ਦੇ ਸੰਬੰਧ ਕਾਫ਼ੀ ਰਣਨੀਤਕ ਹਨ, ਅਸੀਂ ਆਪਣੀ ਦੋਸਤੀ ਨੂੰ ਲਗਾਤਾਰ ਮਜ਼ਬੂਤ ਕਰ ਰਹੇ ਹਾਂ। ਅਸੀਂ ਲਗਾਤਾਰ ਸੰਪਰਕ ਵਿੱਚ ਰਹਿੰਦੇ ਹਾਂ ਅਤੇ ਦੋਵਾਂ ਦੇਸ਼ਾਂ ਵਿਚਾਲੇ ਅਕਸਰ ਬੈਠਕਾਂ ਹੁੰਦੀਆਂ ਰਹਿੰਦੀਆਂ ਹਨ।" ਪੁਤਿਨ ਨੇ ਕਿਹਾ ਕਿ ਪਿਛਲੀ ਬੈਠਕ ਵਿੱਚ ਜੋ ਫੈਸਲਾ ਲਏ ਗਏ ਹਨ, ਉਨ੍ਹਾਂ 'ਤੇ ਮੁੜ ਵਿਚਾਰ ਕੀਤਾ ਗਿਆ।
ਵਲਾਦੀਮੀਰ ਪੁਤਿਨ ਕਿਹਾ ਕਿ ਸਾਡੀ ਤਰਜੀਹ ਨਿਵੇਸ਼ ਅਤੇ ਵਪਾਰ ਹੈ, ਦੋਵਾਂ ਵਿੱਚ 17 ਫੀਸਦੀ ਵਾਧਾ ਹੋਇਆ ਹੈ। ਪੁਤਿਨ ਨੇ ਕਿਹਾ ਕਿ ਰੂਸ ਵਿੱਚ ਭਾਰਤੀ ਕੰਪਨੀਆਂ ਦਾ ਸਵਾਗਤ ਹੈ। ਰਾਸ਼ਟਰਪਤੀ ਪੁਤਿਨ ਨੇ ਕਿਹਾ, "ਭਾਰਤ ਅਤੇ ਰੂਸ ਦੇ ਹਥਿਆਰਾਂ 'ਤੇ ਬਹੁਤ ਚੰਗੇ ਸੰਬੰਧ ਹਨ, ਅਸੀਂ ਭਾਰਤ ਵਿੱਚ ਮਿਜ਼ਾਈਲ ਪ੍ਰਣਾਲੀਆਂ ਅਤੇ ਰਾਈਫਲਾਂ ਬਣਾਉਣ ਵੱਲ ਕਦਮ ਵਧਾ ਰਹੇ ਹਾਂ।" ਵਲਾਦੀਮੀਰ ਪੁਤਿਨ ਨੇ ਕਿਹਾ, "ਭਾਰਤ ਅਤੇ ਰੂਸ ਦੁਨੀਆ ਦੇ ਕਈ ਫੋਰਮਾਂ 'ਤੇ ਇਕੱਠੇ ਹਨ, ਅਸੀਂ ਭਾਰਤ ਨੂੰ ਸਭ ਤੋਂ ਆਧੁਨਿਕ ਹਥਿਆਰ ਦੇ ਰਹੇ ਹਾਂ।"
ਕਈ ਅਹਿਮ ਸਮਝੌਤਿਆਂ 'ਤੇ ਹੋਏ ਹਸਤਾਖ਼ਰ
ਇਸ ਦੌਰਾਨ ਸਮੁੰਦਰੀ ਜਹਾਜ਼ ਨਿਰਮਾਣ ਕੰਪਲੈਕਸ ਦਾ ਦੌਰਾ ਕਰਦੇ ਹੋਏ ਪੀਐੱਮ ਮੋਦੀ ਤੇ ਰਾਸ਼ਟਰਪਤੀ ਪੁਤਿਨ ਨੇ ਇੱਕ ਜਹਾਜ਼ ਦੀ ਸਵਾਰੀ ਕੀਤੀ। ਇਸ ਮੌਕੇ ਦੋਹਾਂ ਨੇਤਾਵਾਂ ਨੇ ਸਮੁੰਦਰੀ ਜਹਾਜ਼ ਨਿਰਮਾਣ ਵਿੱਚ ਆਪਸੀ ਸਹਿਯੋਗ ਨੂੰ ਵਧਾਉਣ 'ਤੇ ਵਿਚਾਰ ਵਟਾਂਦਰੇ ਕੀਤੇ ਗਏ। ਪੀਐੱਮ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਵਿਚਾਲੇ ਦੁਵੱਲੀ ਗੱਲਬਾਤ 'ਚ ਭਾਰਤ-ਰੂਸ ਵਿਚਾਲੇ ਕਈ ਅਹਿਮ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਗਏ ਹਨ। ਇਨ੍ਹਾਂ ਸਮਝੌਤਿਆਂ 'ਚ ਸੁਰੱਖਿਆ, ਵਪਾਰ ਤੇ ਉਰਜਾ ਸਣੇ ਕਈ ਖੇਤਰ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਰੂਸ ਇੰਡੀਆ ਦੇ ਅਟੁੱਟ ਦੋਸਤ ਅਤੇ ਭਰੋਸੇਮੰਦ ਸਾਥੀ ਦੱਸਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਸਾਡੀ ਅੱਜ ਦੀ ਮੁਲਾਕਾਤ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਰੂਸ ਨਾਲ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ ਗਈ ਹੈ। ਪੀਐੱਮ ਮੋਦੀ ਨੇ ਰੂਸ ਦੁਆਰਾ ਦਿੱਤੇ ਜਾ ਰਹੇ ਸਨਮਾਨ ਲਈ ਧੰਨਵਾਦ ਕੀਤਾ ਹੈ।
ਭਾਰਤੀ ਪ੍ਰਵਾਸੀਆਂ ਨਾਲ ਕੀਤੀ ਮੁਲਾਕਾਤ
ਇਸ ਤੋਂ ਪਹਿਲਾ ਉਹ ਸਾਲਾਨਾ ਇਸਟਰਨ ਇਕਨੌਮਿਕ ਫੋਰਮ (ਈਈਐਫ) ਵਿੱਚ ਸ਼ਾਮਲ ਹੋਏ ਅਤੇ ਇਥੇ ਮੌਜੂਦ ਭਾਰਤੀ ਪ੍ਰਵਾਸੀਆਂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਪੁਤਿਨ ਨਾਲ ਪੀਐਮ ਮੋਦੀ ਦੀ ਦੁਵੱਲੀ ਗੱਲਬਾਤ ਹੋਵੇਗੀ। ਬੁੱਧਵਾਰ ਸ਼ਾਮ ਨੂੰ ਮੋਦੀ ਅਤੇ ਪੁਤਿਨ ਦੀ ਗੱਲਬਾਤ ਦੌਰਾਨ ਕੁਝ ਸਮਝੌਤੇ ਹੋ ਸਕਦੇ ਹਨ। ਦੋਵਾਂ ਨੇਤਾਵਾਂ ਦੇ ਵਿਚਾਲੇ ਹੋਣ ਵਾਲੀ ਗੱਲਬਾਤ ਰਣਨੀਤਕ ਸਬੰਧਾਂ ਨੂੰ ਲੈ ਕੇ ਨਵੀਂ ਰਫ਼ਤਾਰ ਦੇਣ ‘ਤੇ ਕੇਂਦਰਤ ਹੋ ਸਕਦੀ ਹੈ। ਇਸ ਗੱਲਬਾਤ ਦੌਰਾਨ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ 'ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਰੂਸ ਨੇ ਪਹਿਲਾਂ ਹੀ ਵਿਚੋਲਗੀ ਦੀ ਪਾਕਿਸਤਾਨ ਦੀ ਬੇਨਤੀ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਇਹ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲਾ ਮੁੱਦਾ ਹੈ।
5ਵੇਂ ਇਕਨੌਮਿਕ ਫ਼ੋਰਮ ਨੂੰ ਭਲਕੇ ਕਰਨਗੇ ਸੰਬੋਧਨ
ਇਸ ਦੌਰਾਨ ਉਹ ਪੰਜ ਸਤੰਬਰ ਨੂੰ ਮੁੱਖ ਮਹਿਮਾਨ ਵਜੋਂ 5ਵੇਂ ਇਕਨੌਮਿਕ ਫ਼ੋਰਮ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਪੂਰਬੀ ਸ਼ਹਿਰ ਵਲਾਦੀਵੋਸਤੋਕ ਦਾ ਦੌਰਾ ਕੀਤਾ ਹੈ। ਦੱਸਣਯੋਗ ਹੈ ਕਿ ਪੀਐੱਮ ਮੋਦੀ ਨੇ ਇਸ ਤੋਂ ਪਹਿਲਾ ਟਵੀਟ ਕਰ ਕੇ ਦੱਸਿਆ ਕਿ ਉਹ ਵਲਾਦੀਵੋਸਤੋਕ ਪੁੱਜ ਗਏ ਹਨ ਤੇ ਉਨ੍ਹਾਂ ਇਹ ਵੀ ਲਿਖਿਆ ਕਿ ਇਸ ਛੋਟੀ ਪਰ ਅਹਿਮ ਯਾਤਰਾ ਦੌਰਾਨ ਉਹ ਕਈ ਪ੍ਰੋਗਰਾਮਾਂ ਵਿੱਚ ਭਾਗ ਲੈਣਗੇ।