ਦਾਵੋਸ: ਸਵਿੱਟਜ਼ਰਲੈਂਡ ਦੇ ਦਾਵੋਸ 'ਚ ਚੱਲ ਰਹੀ ਵਿਸ਼ਵ ਆਰਥਿਕ ਮੰਚ ਦੀ ਮੀਟਿੰਗ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਾਕਿਸਤਾਨ ਨੇ ਫਿਰ ਕਸ਼ਮੀਰ ਦਾ ਮਸਲਾ ਚੁੱਕਿਆ ਜਿਸ 'ਤੇ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਇਸ ਮਾਮਲੇ 'ਤੇ ਨਜ਼ਰ ਬਣੀ ਹੋਈ ਹੈ।
ਡੋਨਲਡ ਟਰੰਪ ਨੇ ਕਿਹਾ ਅਸੀਂ ਜ਼ਿਆਦਾ ਵਪਾਰ ਕਰ ਰਹੇ ਹਾਂ ਤੇ ਕੁੱਝ ਸਰਹੱਦਾਂ 'ਤੇ ਇੱਕ ਦੂਜੇ ਨਾਲ ਕੰਮ ਕਰ ਰਹੇ ਹਾਂ। ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਉਹ ਭਾਰਤ ਦਾ ਦੌਰਾ ਕਰਦੇ ਹੋਏ ਪਾਕਿਸਤਾਨ ਜਾਣਗੇ ਤਾਂ ਉਨ੍ਹਾਂ ਕਿਹਾ ਕਿ ਉਹ ਹੁਣ ਮਿਲ ਰਹੇ ਹਨ, ਇਸ ਲਈ ਸਾਨੂੰ ਦੂਜੀ ਵਾਰ ਅਜਿਹਾ ਨਹੀਂ ਕਰਨਾ ਪਵੇਗਾ ਪਰ ਸਾਡੇ ਦੋਵਾਂ ਦੇਸ਼ਾਂ ਨਾਲ ਸਬੰਧ ਚੰਗੇ ਹਨ।
ਦੂਜੇ ਪਾਸੇ, ਇਮਰਾਨ ਖ਼ਾਨ ਨੇ ਕਿਹਾ ਕਿ ਇਸ ਸਮੇਂ ਭਾਰਤ ਸਾਡੇ ਲਈ ਵੱਡਾ ਮੁੱਦਾ ਹੈ ਤੇ ਅਮਰੀਕਾ ਹੀ ਇਸ ਸਮੱਸਿਆ ਦਾ ਹੱਲ ਕੱਢ ਸਕਦਾ ਹੈ।
ਦੱਸਣਯੋਗ ਹੈ ਕਿ ਜੁਲਾਈ 2019 'ਚ ਇਮਰਾਨ ਦੀ ਵਾਸ਼ਿੰਗਟਨ ਯਾਤਰਾ ਤੋਂ ਬਾਅਦ ਇਹ ਪਾਕਿਸਤਾਨ ਤੇ ਅਮਰੀਕਾ 'ਚ ਤੀਜੀ ਮੀਟਿੰਗ ਹੈ। ਇਸ ਤੋਂ ਪਹਿਲਾਂ ਦੋਵੇਂ ਨੇਤਾਵਾਂ 'ਚ ਪਿਛਲੇ ਸਾਲ ਦਸੰਬਰ 'ਚ ਵੀ ਸੰਯੁਕਤ ਰਾਸ਼ਟਰ ਮਹਾਂਸਭਾ ਵੇਲੇ ਮੀਟਿੰਗ ਹੋਈ ਸੀ।