ਲੰਡਨ: ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਐਤਵਾਰ ਨੂੰ 4 ਲੱਖ ਨੂੰ ਪਾਰ ਕਰ ਗਿਆ ਹੈ। ਜੌਨ ਹੌਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਇਸ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਹੁਣ ਤੱਕ 401,564 ਲੋਕਾਂ ਦੀ ਮੌਤ ਹੋਈ ਹੈ।
ਕਈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਹੋ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਕਈ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਲੋਕਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਦੀ ਜਾਂਚ ਨਹੀਂ ਕੀਤੀ ਗਈ।
ਦੂਜੇ ਪਾਸੇ ਬ੍ਰਾਜ਼ੀਲ ਸਰਕਾਰ ਵੱਲੋਂ ਕੋਰੋਨਾ ਸਬੰਧੀ ਅੰਕੜਿਆਂ ਨੂੰ ਜਾਰੀ ਕਰਨ ਤੋਂ ਰੋਕਣ ਦੇ ਕਦਮ ਦੀ ਵੀ ਸਿਹਤ ਮਾਹਿਰਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੈਟਿਨ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਵੱਲੋਂ ਇਹ ਕਦਮ ਸਹੀ ਅੰਕੜਿਆਂ ਨੂੰ ਲੁਕਾਉਣ ਲਈ ਚੁੱਕਿਆ ਗਿਆ ਹੈ।
ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਇਹ ਖ਼ਤਰਨਾਕ ਵਾਇਰਸ ਪੂਰੀ ਦੁਨੀਆ ਵਿੱਚ ਕਹਿਰ ਢਾਹ ਰਿਹਾ ਹੈ। ਹੁਣ ਤੱਕ ਵਿਸ਼ਵ ਵਿੱਚ 6,973,195 ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਹੋਇਆ ਹੈ, ਜਿੱਥੇ 1,928,094 ਕੋਰੋਨਾ ਮਰੀਜ਼ ਹਨ ਅਤੇ 110,028 ਲੌਕਾਂ ਦੀ ਮੌਤ ਹੋਈ ਹੈ।