ਬਰਲਿਨ: ਜਰਮਨ ਵਿੱਚ ਕੋਵਿਡ-19 ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਕਰਨ ਤੋਂ ਬਾਅਦ ਸੱਜੇ-ਪੱਖੀ ਕੱਟੜਪੰਥੀਆਂ ਨੇ ਜਰਮਨ ਸੰਸਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਬਲ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਭਜਾ ਦਿੱਤਾ।
ਇਸ ਘਟਨਾ ਤੋਂ ਪਹਿਲਾਂ ਦਿਨ ਭਰ ਚੱਲ ਰਹੇ ਪ੍ਰਦਰਸ਼ਨ ਵਿੱਚ ਹਜ਼ਾਰਾਂ ਲੋਕਾਂ ਨੇ ਸਰਕਾਰ ਦੁਆਰਾ ਮਾਸਕ ਪਹਿਨਣ ਅਤੇ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਲਗਾਈਆਂ ਗਈਆਂ ਹੋਰ ਪਾਬੰਦੀਆਂ ਦਾ ਵਿਰੋਧ ਕੀਤਾ। ਜਦੋਂ ਬਰਲਿਨ ਦੇ ਦੁਆਲੇ ਜਲੂਸ ਕੱਢਿਆ ਗਿਆ, ਤਾਂ ਪੁਲਿਸ ਨੇ ਅੱਧੇ ਰਸਤੇ 'ਚ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕੁਝ ਪ੍ਰਦਰਸ਼ਨਕਾਰੀ ਰਾਜਧਾਨੀ ਦੇ ਵਿਸ਼ਾਲ ਬ੍ਰੈਂਡਨਬਰਗ ਗੇਟ ਦੇ ਨੇੜੇ ਇੱਕ ਰੈਲੀ ਕੱਢਣ ਵਿੱਚ ਸਫ਼ਲ ਹੋ ਗਏ।
ਪੁਲਿਸ ਨੇ ਟਵਿੱਟਰ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਸੰਸਦ ਦੇ ਸਾਹਮਣੇ ਬੈਰੀਅਰ ਤੋੜਿਆ ਸੀ ਅਤੇ ਰੈਸ਼ਟੈਗ (ਜਰਮਨ ਪਾਰਲੀਮੈਂਟ) ਦੇ ਪੌੜੀਆਂ ਚੜ੍ਹੇ ਪਰ ਇਮਾਰਤ ਵਿੱਚ ਦਾਖ਼ਲ ਹੋਣ 'ਚ ਅਸਫਲ ਰਹੇ।
ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਕਰਮਚਾਰੀਆਂ 'ਤੇ ਪੱਥਰ ਅਤੇ ਬੋਤਲਾਂ ਸੁੱਟੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਬਰਦਸਤੀ ਹਟਾ ਦਿੱਤਾ ਗਿਆ।