ਨਾਰਵੇ: ਦਰਮਨ ’ਚ ਪੰਜਾਬੀ ਮੂਲ ਦੇ ਅੰਮ੍ਰਿਤਪਾਲ ਸਿੰਘ ਨੇ ਨਗਰ ਕੌਂਸਲ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ ਜਿਸ ਕਰਕੇ ਉਹ ਪਹਿਲੇ ਸਿੱਖ ਕੌਂਸਲਰ ਬਣ ਗਏ ਹਨ। ਉਨ੍ਹਾਂ ਇਹ ਚੋਣ ਹੋਇਰੇ ਪਾਰਟੀ ਦੀ ਟਿਕਟ ਉੱਤੇ ਲੜੀ ਸੀ ਤੇ ਆਪਣੇ ਮੁਕਾਬਲੇ ਖੜ੍ਹੇ 34 ਉਮੀਦਵਾਰਾਂ ਨੂੰ ਹਰਾਇਆ ਹੈ। ਇਹ ਚੋਣ ਜਿੱਤਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ
ਅੰਮ੍ਰਿਤਪਾਲ ਨੇ 25 ਸਾਲ ਪਹਿਲਾਂ ਆਪਣੇ ਪਿਤਾ ਨਰਪਾਲ ਸਿੰਘ ਔਜਲਾ ਕੋਲ ਪੜ੍ਹਾਈ ਮੁਕੰਮਲ ਕਰਨ ਗਏ ਸਨ। ਉਨ੍ਹਾਂ ਨੇ ਅਰਥ-ਸ਼ਾਸਤਰ ਤੇ ਫ਼ਾਈਨਾਂਸ ਦੀ ਮਾਸਟਰ ਡਿਗਰੀ ਨਾਰਵੇ ਤੋਂ ਹਾਸਲ ਕੀਤੀ। ਉਹ ਨਾਰਵੇ ’ਚ ਇਨਕਮ ਟੈਕਸ ਕਮਿਸ਼ਨਰ ਬਣੇ। ਇਸ ਵੇਲੇ ਉਹ ਬਹੁ-ਰਾਸ਼ਟਰੀ ਕੰਪਨੀ ਨੌਰਸ਼ਕ ਹੀਦਰੋ ’ਚ ਬਤੌਰ ਡਾਇਰੈਕਟਰ ਸੇਵਾਵਾਂ ਦੇ ਰਹੇ ਹਨ ਤੇ ਟਰੇਡ ਯੂਨੀਅਨ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਵੀ ਹਨ।
ਕਪੂਰਥਲਾ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦਾ ਵਿਆਹ ਡੈਂਟਲ ਸਰਜਨ ਮਨਦੀਪ ਕੌਰ ਨਾਲ 2005 ’ਚ ਹੋਇਆ ਸੀ। ਉਨ੍ਹਾਂ ਦੀ ਸੱਸ ਪਰਮਜੀਤ ਕੌਰ ਸਰਹਿੰਦ ਲਿਖਾਰੀ ਸਭਾ ਫ਼ਤਿਹਗੜ੍ਹ ਸਾਹਿਬ ਦੇ ਜਨਰਲ ਸਕੱਤਰ ਹਨ ਤੇ ਸਹੁਰਾ ਸ੍ਰੀ ਊਧਮ ਸਿੰਘ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਸੇਵਾ-ਮੁਕਤ ਮੈਨੇਜਰ ਰਹਿ ਚੁੱਕੇ ਹਨ। ਨਾਰਵੇ ਸਰਕਾਰ ਨੇ ਪਿੱਛੇ ਜਿਹੇ ਸਿੱਖਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪਣੇ ਕੰਨ ਨੰਗੇ ਕਰ ਕੇ ਤਸਵੀਰਾਂ ਖਿਚਵਾਉਣ, ਤਦ ਹੀ ਪਾਸਪੋਰਟ ਮਿਲੇਗਾ। ਉਦੋਂ ਅੰਮ੍ਰਿਤਪਾਲ ਸਿੰਘ ਨੇ ਇਸ ਨਵੀਂ ਹਦਾਇਤ ਦਾ ਜ਼ੋਰਦਾਰ ਵਿਰੋਧ ਕੀਤਾ ਸੀ।
ਉਨ੍ਹਾਂ ਉਦੋਂ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਲਾਲ ਮਿਲ ਕੇ ਇਸ ਮੁੱਦੇ ਨੂੰ ਭਾਰਤ ਸਰਕਾਰ ਤੱਕ ਪਹੁੰਚਾਇਆ ਸੀ। ਉਹ ਇਸ ਲਈ ਖ਼ਾਸ ਤੌਰ ਉੱਤੇ ਭਾਰਤ ਆਏ ਤੇ ਇੱਕ ਵਫ਼ਦ ਨੂੰ ਨਾਲ ਲੈ ਕੇ ਨਾਰਵੇ ਦੇ ਸਰਕਾਰੀ ਅਫ਼ਸਰਾਂ ਨੂੰ ਮਿਲੇ। ਖੁੱਲ੍ਹੀ ਬਹਿਸ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਹ ਇਸ ਉੱਤੇ ਛੇਤੀ ਵਿਚਾਰ ਕਰਨਗੇ।