ਚੰਡੀਗੜ੍ਹ: ਜਿਵੇਂ-ਜਿਵੇਂ ਬਾਬਾ ਨਾਨਕ ਦਾ ਪ੍ਰਕਾਸ਼ ਦਿਹਾੜਾ ਨੇੜੇ ਆ ਰਿਹਾ ਹੈ, ਉਵੇਂ ਹੀ ਦੁਨੀਆਂ ਦੇ ਹਰ ਮੁਲਕ ਵਿੱਚ ਬਾਬਾ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਆਸਟ੍ਰੇਲੀਆ ਵੀ ਇਸ ਨੂੰ ਲੈ ਕੇ ਪਿੱਛੇ ਨਹੀਂ ਹੈ। ਜੀ ਹਾਂ ਅਗਲੇ ਮਹੀਨੇ ਬਾਬਾ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਆਸਟ੍ਰੇਲੀਆ ਦੀ ਫ਼ੈਡਰਲ ਪਾਰਲੀਮੈਂਟ ਵਿਖੇ ਮਨਾਇਆ ਜਾਵੇਗਾ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਜਦੋਂ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਸਿੱਖ ਧਰਮ ਨਾਲ ਸਬੰਧਤ ਕੋਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਦਿਹਾੜੇ ਨੂੰ ਮਨਾਉਣ ਦਾ ਇੱਕ ਮਜ਼ਬੂਤ ਬਹੁ-ਪੱਖੀ ਅਤੇ ਬਹੁ-ਰਾਸ਼ਟਰੀ ਪਹਿਲੂ ਹੋਵੇਗਾ।
ਇਸ ਦੌਰਾਨ ਇਕੱਲੇ ਆਸਟ੍ਰੇਲੀਆ ਅਤੇ ਭਾਰਤ ਤੋਂ ਪਤਵੰਤੇ ਲੋਕ ਹੀ ਨਹੀ, ਬਲਕਿ ਹੋਰ ਵੀ ਕਈ ਦੇਸ਼ਾਂ ਤੋਂ ਮਹਿਮਾਨ ਆਉਣਗੇ। ਇਸ ਦੌਰਾਨ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਤੋਂ ਆਉਣ ਵਾਲੇ ਮਹਿਮਾਨ ਬਾਬਾ ਨਾਨਕ ਦੀਆਂ ਸਰਬ-ਸਾਂਝੀ ਸਿੱਖਿਆਵਾਂ ਬਾਰੇ ਆਪਣੇ ਵਿਚਾਰ ਰੱਖਣਗੇ।
ਇਸ ਦੌਰਾਨ ਪਾਰਲੀਮੈਂਟ ਵਿੱਚ ਮੂਲ-ਮੰਤਰ ਦਾ ਗਾਇਨ ਕੀਤਾ ਜਾਵੇਗਾ, ਜੋ ਕਿ ਅੰਗ੍ਰੇਜ਼ੀ ਵਿੱਚ ਵੀ ਹੋਵੇਗਾ ਤਾਂ ਕਿ ਅੰਗ੍ਰੇਜ਼ੀ ਪਿਛੋਕੜ ਵਾਲੇ ਵੀ ਮੂਲ ਮੰਤਰ ਦਾ ਗਾਇਨ ਕਰ ਸਕਣਗੇ।
ਆਸਟ੍ਰੇਲੀਅਨ ਪਾਰਲੀਮੈਂਟ ਵਿੱਚ ਵਿਕਟੋਰੀਅਨ ਬ੍ਰਾਂਚ ਵੱਲੋਂ ਲੇਬਰ ਪਾਰਟੀ ਵੱਲੋਂ ਬਣੇ ਐੱਮਪੀ ਡੈਨਿਅਲ ਐਂਡਰਿਊਜ਼ ਨੇ ਪਾਰਲੀਮੈਂਟ ਸੈਸ਼ਨ ਦੌਰਾਨ ਕਿਹਾ ਕਿ ਵਿਕਟੋਰੀਆ ਅਤੇ ਉਸ ਦੇ ਆਲੇ-ਦੁਆਲੇ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਸਾਂਝੇ ਤੌਰ ਉੱਤੇ ਮਨਾਉਣ ਜਾ ਰਹੇ ਹਨ।
ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਸ ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਸਤੇ ਵਧਾਈਆਂ ਦਿੱਤੀਆਂ ਅਤੇ ਆਪਣੇ ਭਾਸ਼ਣ ਨੂੰ ਗੁਰੂ ਫ਼ਤਿਹ ਨਾਲ ਖ਼ਤਮ ਕੀਤਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 2 ਲੱਖ ਡਾਲਰ (1 ਕਰੋੜ ਰੁਪਇਆ) ਦੇਣ ਦਾ ਵੀ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 2 ਲੱਖ ਡਾਲਰ ਦੇਣ ਦਾ ਐਲਾਨ