ਸ੍ਰੀਲੰਕਾ: ਮੌਤ ਜ਼ਿੰਦਗੀ ਸਕੀਆਂ ਭੈਣਾਂ, ਬਿੰਦ ਨਾ ਸਹਿਣ ਵਿਛੋੜ੍ਹਾ। ਹਾਲਤਾ ਇਸ ਤਰਾਂ ਦੇ ਬਣਦੇ ਜਾ ਰਹੇ ਹਨ ਕਿ ਹਨੇਰਾ ਜ਼ਿੰਦਗੀ ਦਾ ਸਾਰੇ ਹੀ ਚਾਨਣਾਂ ਨੂੰ ਖਾਈ ਜਾ ਰਿਹਾ ਹੈ। ਸ੍ਰੀਲੰਕਾ ਹਮਲੇ ਨੂੰ ਹਨੇਰੇ ਦੇ ਪਸਾਰ ਦੇ ਤੌਰ ਤੇ ਵਾਚਿਆ ਜਾ ਸਕਦਾ ਹੈ।
ਏਂਡਰਜ਼ ਹੋਲਚ ਪੋਵਲਸਨ ਆਪਣੇ ਬੱਚਿਆਂ ਨਾਲ ਛੁੱਟੀਆਂ ਮਨਾਉਣ ਲਈ ਸ੍ਰੀ ਲੰਕਾ ਗਏ ਹੋਏ ਸਨ। ਇਸ ਦੌਰਾਨ ਆਤਮਘਾਤੀ ਹਮਲਿਆਂ 'ਚ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਕੀ ਪੋਵਲਸਨ ਆਪਣਟ ਬੱਚਿਆਂ ਨੂੰ ਮੌਤ ਦੀ ਗੋਦੀ ਵਿਚ ਛੱਡਣ ਲਈ ਸ੍ਰੀਲੰਕਾ ਪਹੁੰਚੇ ਸਨ। ਗਰੀਬੀ, ਬੇਰੁਜ਼ਗਾਰੀ ਦਾ ਅਤਿਵਾਦ ਨਾਲ ਰਿਸ਼ਤਾ ਨਹੀਂ ਰਿਹਾ, ਹੁਣ ਇਹ ਮਨੋਵਿਗਿਆਨਕ ਲੜਾਈ ਬਣ ਚੁੱਕੀ ਹੈ।
ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ ਨੂੰ ਅਤਿਵਾਦ ਨਾਲ ਲੜ੍ਹਣ ਲਈ ਵੱਡੇ ਹਥਿਆਰਾਂ, ਮੁਸਤੈਦੀ ਦੇ ਨਾਲ ਨਾਲ ਮਨੋਵਿਗਿਆਨ ਤੇ ਵੀ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਦੀ ਜ਼ਰੂਰਤ ਹੈ।
ਸ੍ਰੀਲੰਕਾ ਦੇ ਅਮੀਰਜ਼ਾਦੇ ਭਰਾ ਕਿਸ ਲਾਲਚ ਵਿਚ ਇਸ ਹਮਲੇ ਦਾ ਹਿੱਸਾ ਬਣੇ, ਇਸ ਸਵਾਲ ਦੇ ਜਵਾਬ ਵਿਚ ਇਸ ਸਮੇਂ ਪੂਰੀ ਦੁਨੀਆਂ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਹਨ। ਪਰ ਪਾਕਿਸਤਾਨ ਨਾਲ ਵੱਧੇ ਸੰਬੰਧਾਂ ਨੇ ਸ੍ਰੀਲੰਕਾ ਨੂੰ ਇਕ ਵਾਰ ਫੇਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ, ਕਿ ਭਾਰਤ ਨਾਲ ਦੋਸਤੀ ਜ਼ਿਆਦਾ ਵਧੀਆ ਰਹੀ ਜਾਂ ਹੁਣ?
ਗੱਲ ਸਿਰਫ ਪਾਵਲਸਨ ਦੇ ਮਾਰੇ ਗਏ ਤਿੰਨ ਮਾਸੂਮਾਂ ਦੀ ਨਾ ਹੋਕੇ ਪੂਰੀ ਮਨੁੱਖਤਾ ਤੇ ਆਕੇ ਖੜ੍ਹਦੀ ਹੈ। ਜੇਕਰ ਹਾਲੇ ਵੀ ਆਲਮੀ ਸ਼ਕਤੀਆਂ ਨੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਆਪਣੀ ਪ੍ਰਮੁੱਖਤਾ ਸੂਚੀ ਦਾ ਹਿੱਸਾ ਨਾ ਬਣਾਇਆ ਤਾਂ ਫੇਰ ਮੌਤ ਦੀ ਜਿੱਤ ਨਿਸਚਿਤ ਹੋ ਸਕਦੀ ਹੈ।