ਨਵੀ ਦਿੱਲੀ: ਪਾਕਿਸਤਾਨ ਨੇ ਚੀਨ ਰਾਹੀਂ ਸੰਯੁਕਤ ਰਾਸ਼ਟਰ ਸਰੁੱਖਿਆ ਪਰਿਸ਼ਦ (UNSC) 'ਚ ਇੱਕ ਵਾਰ ਫਿਰ ਕਸ਼ਮੀਰ ਮਸਲਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਇੱਕ ਵਾਰ ਫਿਰ ਉਸ ਦੀ ਹਾਰ ਹੋਈ। UNSC ਦੇ ਮੈਂਬਰਾਂ ਨੇ ਇਸ ਮੁੱਦੇ 'ਤੇ ਬਹਿਸ ਕਰਨ ਤੋਂ ਇਨਕਾਰ ਕਰ ਦਿੱਤਾ। ਮੈਂਬਰਾਂ ਨੇ ਕਿਹਾ ਕਿ ਕਸ਼ਮੀਰ 'ਤੇ ਬਹਿਸ ਕਰਨ ਲਈ ਇਹ ਉਚਿਤ ਸਥਾਨ ਨਹੀਂ ਹੈ।
ਚੀਨ ਨੇ ਨਿਊਯਾਰਕ 'ਚ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸਰੁੱਖਿਆ ਪਰਿਸ਼ਦ ਦੀ ਬੰਦ ਕਮਰੇ 'ਚ ਹੋਈ ਮੀਟਿੰਗ ਚ ਕਸ਼ਮੀਰ ਦਾ ਮੁੱਦਾ ਚੁੱਕਿਆ ਪਰ ਉਸ ਦੀ ਇਹ ਕੋਸ਼ਿਸ਼ ਨਾਕਾਮ ਰਹੀਂ ਕਿਉਂਕਿ ਬਾਕੀ ਦੇਸ਼ਾਂ ਨੇ ਇਸ ਦਾ ਵਿਰੋਧ ਕੀਤਾ।
ਫਰਾਂਸੀਸੀ ਕੂਟਨੀਤੀਕ ਸੂਤਰਾਂ ਨੇ ਦੱਸਿਆ ਕਿ ਫਰਾਂਸ ਨੇ ਇਸ ਸ਼ਕਤੀਸ਼ਾਲੀ ਸੰਸਥਾ 'ਚ ਇੱਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਣ ਲਈ ਸੰਯੁਕਤ ਰਾਸ਼ਟਰ ਸਰੁੱਖਿਆ ਪਰਿਸ਼ਦ ਦੇ ਇੱਕ ਮੈਂਬਰ ਦੇਸ਼ ਦੀ ਬੇਨਤੀ 'ਤੇ ਗ਼ੌਰ ਕੀਤਾ ਹੈ ਤੇ ਉਹ ਇਸ ਦਾ ਵਿਰੋਧ ਕਰਨ ਜਾ ਰਿਹਾ ਹੈ, ਜਿਵੇਂ ਉਸ ਨੇ ਪਹਿਲਾਂ ਕੀਤਾ।
ਸੂਤਰਾਂ ਨੇ ਦੱਸਿਆ ਕਿ ਫਰਾਂਸ ਦਾ ਸਟੈਂਡ ਨਹੀਂ ਬਦਲਿਆਂ ਹੈ ਤੇ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਕਸ਼ਮੀਰ ਮਸਲੇ ਦਾ ਹੱਲ ਦੋ-ਪੱਖੀ ਤਰੀਕੇ ਨਾਲ ਕੀਤਾ ਜਾਵੇ। ਇਹ ਗੱਲ ਕਈ ਮੌਕਿਆਂ 'ਤੇ ਕਹੀ ਗਈ ਹੈ ਤੇ ਅੱਗੇ ਵੀ ਉਹ ਸੰਯੁਕਤ ਰਾਸ਼ਟਰ ਸਰੁੱਖਿਆ ਪਰਿਸ਼ਦ 'ਚ ਸਾਂਝੇਦਾਰਾਂ ਨਾਲ ਦੋਹਰਾਉਂਦਾ ਰਹੇਗਾ।