ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਨੇ ਕਾਬੁਲ ਦੇ ਇਕ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ ਹੈ ਜਿਸ ਵਿਚ ਘੱਟੋ ਘੱਟ 27 ਲੋਕਾਂ ਦੀ ਮੌਤ ਹੋ ਗਈ ਸੀ। ਸੰਯੁਕਤ ਰਾਸ਼ਟਰ ਦੇ ਮੁਖੀ ਦਾ ਕਹਿਣਾ ਹੈ ਕਿ ਗੁਰੂ ਘਰ ਵਿੱਚ ਆਮ ਨਾਗਰਿਕਾਂ ਦਾ ਕਤਲ ਮੰਦਭਾਗੀ ਘਟਨਾ ਹੈ।
ਅਫਗਾਨਿਸਤਾਨ ਵਿੱਚ ਗੁਰਦੁਆਰਾ ਸਾਹਿਬ ਉੱਤੇ ਹੋਏ ਹਮਲੇ ਦੀ ਜਿੰਮੇਵਾਰੀ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਲਈ ਹੈ। ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ 150 ਸ਼ਰਧਾਲੂ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਸਨ।
ਸੰਯੁਕਤ ਰਾਸ਼ਟਰ ਨੇ ਇੱਕ ਬਿਆਨ ਵਿਚ ਕਿਹਾ, "ਸੰਯੁਕਤ ਰਾਸ਼ਟਰ ਲੋਕਾਂ ਅਤੇ ਅਫਗਾਨਿਸਤਾਨ ਦੀ ਸਰਕਾਰ ਨਾਲ ਖੜ੍ਹਾ ਹੈ ਅਤੇ ਆਪਣੇ ਦੇਸ਼ ਵਿਚ ਸ਼ਾਂਤੀ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਸਮਰਥਨ ਦਿੰਦਾ ਹੈ। ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਹਮਦਰਦੀ ਹੈ।"
ਦੂਜੇ ਪਾਸੇ ਅਫਗਾਨਿਸਤਾਨ ਵਿੱਚ ਭਾਰਤੀ ਰਾਜਦੂਤ ਵਿਨੇ ਕੁਮਾਰ ਨੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਅੱਤਵਾਦੀ ਹਮਲੇ ਦੇ ਪੀੜਤ ਪਰਿਵਾਰਾਂ ਅਤੇ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੀੜਤਾਂ ਨਾਲ ਦੁੱਖ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਸਥਿਤ ਗੁਰਦੁਆਰਾ ਸਾਹਿਬ 'ਤੇ ਕੁਝ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਇਸ ਹਮਲੇ ਵਿੱਚ 27 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਤੇ 8 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਉੱਥੇ ਹੀ ਅਫਗਾਨ ਸੁਰੱਖਿਆ ਬਲਾਂ ਨੇ ਹਮਲਾ ਕਰਨ ਵਾਲੇ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।