ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭਗੌੜਾ ਕਰਾਰ ਦਿੰਦਿਆਂ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਉਨ੍ਹਾਂ ਦੀ ਹਵਾਲਗੀ ਲਈ ਯੂਕੇ ਦੀ ਸਰਕਾਰ ਕੋਲ ਪਹੁੰਚ ਕੀਤੀ ਹੈ।
ਡਾਨ ਨਿਊਜ਼ ਨੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਦੇ ਹਵਾਲੇ ਨਾਲ ਕਿਹਾ, “ਸਰਕਾਰ ਉਨ੍ਹਾਂ (ਸ਼ਰੀਫ) ਨੂੰ ਭਗੌੜਾ ਮੰਨ ਰਹੀ ਹੈ ਅਤੇ ਬ੍ਰਿਟਿਸ਼ ਸਰਕਾਰ ਨੂੰ ਪਹਿਲਾਂ ਹੀ ਉਨ੍ਹਾਂ ਦੀ ਹਵਾਲਗੀ ਦੀ ਬੇਨਤੀ ਭੇਜੀ ਗਈ ਹੈ।" ਉਨ੍ਹਾਂ ਕਿਹਾ, "ਇਸ ਵਿਚ ਕੁੱਝ ਨਿੱਜੀ ਨਹੀਂ ਹੈ, ਅਸੀਂ ਸਿਰਫ ਕਾਨੂੰਨ ਨੂੰ ਲਾਗੂ ਕਰਨ ਅਤੇ ਇਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"
ਅਕਬਰ ਨੇ ਅੱਗੇ ਕਿਹਾ ਕਿ ਸਰਕਾਰ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ.ਏ.ਬੀ.) ਨੂੰ ਵੀ ਸ਼ਰੀਫ ਦੀ ਹਵਾਲਗੀ ਦੀ ਪੈਰਵੀ ਕਰਨ ਦੀ ਬੇਨਤੀ ਕਰੇਗੀ ਅਤੇ ਉਹ ਸ਼ਾਹਬਾਜ਼ ਸ਼ਰੀਫ, ਜਿਨ੍ਹਾਂ ਨੇ ਡਾਕਟਰੀ ਇਲਾਜ ਤੋਂ ਬਾਅਦ ਆਪਣੇ ਵੱਡੇ ਭਰਾ ਨੂੰ ਵਾਪਸ ਪਾਕਿਸਤਾਨ ਲੈ ਕੇ ਆਉਣਾ ਸੀ, ਵੱਲੋਂ ਦਿੱਤੀ ਗਾਰੰਟੀ ਦੇ ਕਾਨੂੰਨੀ ਪੱਖ ਬਾਰੇ ਵੀ ਵਿਚਾਰ ਕਰ ਰਹੀ ਹੈ।
29 ਅਕਤੂਬਰ, 2019 ਨੂੰ ਲਾਹੌਰ ਹਾਈ ਕੋਰਟ ਨੇ ਸਾਬਕਾ ਨੇਤਾ ਨੂੰ ਪਾਕਿਸਤਾਨ ਦੇ ਅੰਦਰ ਇਲਾਜ ਲਈ ਅੱਠ ਹਫ਼ਤਿਆਂ ਦੀ ਜ਼ਮਾਨਤ ਦਿੱਤੀ ਸੀ ਅਤੇ 16 ਨਵੰਬਰ ਨੂੰ ਉਨ੍ਹਾਂ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਚਾਰ ਹਫ਼ਤਿਆਂ ਦੀ ਇਜਾਜ਼ਤ ਮਿਲੀ ਸੀ।
ਅਕਬਰ ਦੇ ਅਨੁਸਾਰ, ਨਵਾਜ਼ ਸ਼ਰੀਫ ਨੂੰ ਅਦਾਲਤ ਅਤੇ ਪੰਜਾਬ ਸਰਕਾਰ ਨਾਲ ਉਨ੍ਹਾਂ ਦੇ ਇਲਾਜ ਦੀ ਪ੍ਰਕਿਰਿਆ ਦੇ ਵੇਰਵਿਆਂ ਅਤੇ ਟੈਸਟ ਦੀਆਂ ਰਿਪੋਰਟਾਂ ਸਾਂਝੀਆਂ ਕਰਨੀਆਂ ਸੀ ਪਰ ਉਨ੍ਹਾਂ ਅਜਿਹਾ ਕੀਤਾ ਨਹੀਂ।