ਕਾਬੁਲ: ਦੋਹਾ ‘ਚ ਤਾਲਿਬਾਨ ਦੇ ਸਿਆਸੀ ਦਫਤਰ ਦੇ ਮੁੱਖ ਮੈਂਬਰ ਨੇ ਅਫ਼ਗਾਨਿਸਤਾਨ ਨਾਲ ਸ਼ਾਂਤੀ ਦੀ ਗੱਲਬਾਤ ‘ਚ ਦੇਰੀ ਲਈ ਗ਼ਨੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਸ਼ਾਂਤੀ ਗੱਲਬਾਤ ਦਾ ਮਕਸਦ ਅਫ਼ਗਾਨਿਸਤਾਨ ‘ਚ ਦਹਾਕਿਆਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨਾ ਤੇ ਮੁਲਕ ‘ਚ ਸ਼ਾਂਤੀ ਬਹਾਲ ਕਰਨਾ ਹੈ।
ਅਮਰੀਕਾ ਤੇ ਤਾਲਿਬਾਨ ਦਰਮਿਆਨ ਇਸੇ ਸਾਲ 29 ਫਰਵਰੀ ਨੂੰ ਸਮਝੌਤੇ ਤੋਂ 10 ਦਿਨ ਬਾਅਦ ਇਹ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਸੀ। ਇਹ ਗੱਲਬਾਤ ਪੂਰੀ ਤਰ੍ਹਾਂ ਅਫ਼ਗਾਨ ਸਰਕਾਰ ਤੇ ਅੱਤਵਾਦੀ ਸੰਗਠਨਾਂ ਦਰਮਿਆਨ ਕੈਦੀਆਂ ਦੀ ਅਦਲਾ-ਬਦਲੀ ਨੂੰ ਪੂਰਾ ਕਰਨ ‘ਤੇ ਅਧਾਰਿਤ ਹੈ।
ਦੋਹਾ ‘ਚ ਤਾਲਿਬਾਨ ਦਫ਼ਤਰ ਦੇ ਮੁੱਖ ਮੈਂਬਰ ਸ਼ਹਾਬੁਦੀਨ ਡੇਲਵਾਰ ਨੇ ਐਤਵਾਰ ਨੂੰ ਇੱਕ ਚੈਨਲ ਨੂੰ ਕਿਹਾ ਕਿ ਕੈਦੀਆਂ ਦੀ ਰਿਹਾਈ ਨੂੰ ਅੰਤਮ ਰੂਪ ਦਿੱਤਾ ਜਾਣਾ ਚਾਹੀਦਾ ਹੈ ਤੇ ਕਾਬੁਲ ਤੋਂ ਇੱਕ ਵਫ਼ਦ ਨਾਲ ਗੱਲ ਹੋਣੀ ਚਾਹੀਦੀ ਹੈ।
ਸ਼ਹਾਬੁਦੀਨ ਨੇ ਕਿਹਾ ਕਿ ਪਿਛਲੇ 4 ਮਹੀਨਿਆਂ ‘ਚ ਸਾਰੀਆਂ ਖੂਨੀ ਘਟਨਾਵਾਂ ਦੀ ਜ਼ਿੰਮੇਵਾਰੀ ਅਫ਼ਗਾਨ ਸਰਕਾਰ ‘ਤੇ ਹੈ ਕਿਉਂਕਿ ਅਫ਼ਗਾਨ ਸਰਕਾਰ ਨੂੰ 15 ਮਾਰਚ ਤੱਕ ਸਾਡੇ 5000 ਲੋਕਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਸੀ। ਅਸੀ 10 ਦਿਨਾਂ ‘ਚ 1000 ਬੰਦੀਆਂ ਨੂੰ ਰਿਹਾਅ ਕਰਨ ਲਈ ਤਿਆਰ ਸੀ। ਦਫਤਰ ਦੇ ਇੱਕ ਹੋਰ ਮੈਂਬਰ ਨੇ ਅਮਰੀਕਾ ‘ਤੇ ਸ਼ਾਂਤੀ ਸਮਝੌਤੇ ਦੀ ਉਲੰਘਣਾ ਕਰਨ ਦੇ ਇਲਜ਼ਾਮ ਲਗਾਇਆ।
ਇਸ ਦੌਰਾਣ ਰਾਸ਼ਟਰਤਪੀ ਦੇ ਬੁਲਾਰੇ ਸਾਦਿਕ ਸਿੱਦਕੀ ਨੇ ਤਾਲਿਬਾਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਸਰਕਾਰੀ ਮੁਲਾਜ਼ਮਾਂ, ਧਾਰਮਿਕ ਵਿਦਵਾਨਾਂ ਤੇ ਹਸਪਤਾਲਾਂ ‘ਤੇ ਹਮਲੇ ਅਤੇ ਕਤਲ ਜਾਰੀ ਹਨ।