ਕੋਲੰਬੋ: ਸ੍ਰੀ ਲੰਕਾ ਵਿੱਚ ਚਾਹ ਦੇ ਬਾਗ਼ਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਨਾਗਰਿਕਤਾ ਦਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਮੰਤਰੀ ਅਰੁਮੁਗਮ ਥੋਂਡਾਮਨ ਦਾ ਦੇਹਾਂਤ ਹੋ ਗਿਆ। ਉਹ 56 ਸਾਲ ਦੇ ਸਨ।
ਪਰਿਵਾਰਕ ਸੂਤਰਾਂ ਮੁਤਾਬਕ ਲੇਬਰ ਸੰਘ ਅਤੇ ਰਾਜਨੀਤਿਕ ਪਾਰਟੀ ਸਿਲੋਨ ਵਰਕਰਜ਼ ਕਾਂਗਰਸ (ਸੀਡਬਲਿਊਸੀ) ਦੇ ਨੇਤਾ ਥੋਂਡਾਮਨ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।
ਉਹ ਸੀਡਬਲਿਊਸੀ ਦੇ ਸੰਸਥਾਪਕ ਸਾਵੁਮਯਾਮੂਰਤੀ ਥੋਂਡਾਮਨ ਦੇ ਪੋਤੇ ਸਨ। ਇੱਥੇ ਚਾਹ ਦਾ ਬਾਗ਼ਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਤਾਮਿਲ ਲੋਕਾਂ ਦੀ ਅਗਵਾਈ ਇਸੇ ਪਾਰਟੀ ਨੇ ਕੀਤੀ ਸੀ।
ਚਾਹ ਦੇ ਬਾਗ਼ਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ 1980 ਦੇ ਮੱਧ ਵਿੱਚ ਨਾਗਰਿਕਤਾ ਦਵਾਉਣ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੈ। ਗੌਰਤਬਲ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਗੋਟਾਬਾਇਆ ਰਾਜਪੱਕਸ਼ੇ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੂੰ ਦਸੰਬਰ ਵਿੱਚ ਪਸ਼ੂਧਨ ਮੰਤਰੀ ਬਣਾਇਆ ਗਿਆ ਸੀ।
ਸਥਾਨਕ ਮੀਡਿਆ ਦੀਆਂ ਖ਼ਬਰਾਂ ਮੁਤਾਬਕ ਮੌਤ ਦੇ ਕੁੱਝ ਘੰਟੇ ਪਹਿਲਾਂ ਹੀ ਸ੍ਰੀ ਲੰਕਾ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਗੋਪਾਲ ਬਾਗਲੇ ਨਾਲ ਮੁਲਾਕਾਤ ਕੀਤੀ ਸੀ ਅਤੇ ਸਮੁਦਾਇ ਦੇ ਵਿਕਾਸ ਦੇ ਲਈ ਦੋ-ਪੱਖੀ ਸਹਿਯੋਗ ਉੱਤੇ ਵੀ ਚਰਚਾ ਕੀਤੀ ਸੀ।