ਨਵੀਂ ਦਿੱਲੀ: ਪਾਕਿਸਤਾਨ 'ਚ ਸਿੱਖ ਕੁੜੀ ਦਾ ਜਬਰਨ ਧਰਮ ਪਰਿਵਰਤਨ ਅਤੇ ਮੁਸਲਿਮ ਨੌਜਵਾਨ ਨਾਲ ਨਿਕਾਹ ਕਰਵਾਉਣ ਦੇ ਮਾਮਲੇ 'ਚ ਪੀੜਤ ਕੁੜੀ ਦੇ ਪਰਿਵਾਰਕ ਮੈਂਬਰ ਸੋਮਵਾਰ ਨੂੰ ਲਾਹੌਰ ਵਿੱਚ ਗਵਰਨਰ ਹਾਉਸ ਦੇ ਬਾਹਰ ਪਾਕਿਸਤਾਨ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨਗੇ। ਦੱਸਣਯੋਗ ਹੈ ਕਿ ਪਾਕਿਸਤਾਨ ਵਿੱਚ ਸਿੱਖ ਕੁੜੀ ਦਾ ਧਰਮ ਪਰਿਵਤਨ ਮਾਮਲੇ ਤੋਂ ਬਾਅਦ ਇੱਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਕੁੜੀ ਨੂੰ ਅਗ਼ਵਾ ਹੋਏ ਕਈ ਦਿਨ ਬੀਤ ਗਏ ਹਨ ਪਰ ਪਾਕਿਸਤਾਨ ਸਰਕਾਰ ਵੱਲੋਂ ਹਲ੍ਹੇ ਤੱਕ ਕੋਈ ਵੀ ਵੱਡਾ ਕਦਮ ਨਹੀਂ ਚੁੱਕਿਆ ਗਿਆ ਹੈ। ਲੜਕੀ ਦੇ ਪਰਿਵਾਰ ਨੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਮਦਦ ਮੰਗੀ ਸੀ ਪਰ ਉਨ੍ਹਾਂ ਵੱਲੋਂ ਵੀ ਕੋਈ ਮਦਦ ਹੁਣ ਤੱਕ ਨਹੀਂ ਮਿਲੀ ਹੈ ਜਿਸ ਕਾਰਨ ਪੀੜਤ ਕੁੜੀ ਦਾ ਪਰਿਵਾਰ ਅਤੇ ਕਈ ਸਿੱਖ ਸੰਗਠਨ ਮਿਲ ਕੇ ਗਵਰਨਰ ਹਾਉਸ ਦੇ ਬਾਹਰ ਪ੍ਰਦਰਸ਼ਨ ਕਰਨਗੇ।
ਜ਼ਿਕਰਯੋਗ ਹੈ ਕਿ ਸਿੱਖ ਕੁੜੀ ਨੂੰ ਅਗ਼ਵਾ ਕਰ ਜਬਰੀ ਧਰਮ ਪਰਿਵਰਤਨ ਅਤੇ ਮੁਸਲਿਮ ਨੌਜਵਾਨ ਨਾਲ ਨਿਕਾਹ ਕਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਬੀਤੇ ਦਿਨੀ ਕੁੜੀ ਦੇ ਭਰਾ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆਂ ਤਾਂ ਉਹ ਆਪਣੇ ਆਪ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਵੇਗਾ। ਕੁੜੀ ਦੇ ਭਰਾ ਸੁਰਿੰਦਰ ਸਿੰਘ ਨੇ ਕਿਹਾ ਸੀ ਕਿ ਉਸ ਦੀ ਭੈਣ ਨੂੰ ਕੁੱਝ ਗੁੰਡੇ ਅਗਵਾ ਕਰ ਕੇ ਲੈ ਗਏ ਅਤੇ ਇਸਲਾਮ ਕਬੂਲ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਅਸੀ ਇਸ ਦੀ ਸ਼ਿਕਾਇਤ ਪੁਲਿਸ ਥਾਣੇ ਵਿੱਚ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਇਸ ਮਾਮਲੇ ਦੀ ਸਿੱਖਾਂ ਵੱਲੋਂ ਦੁਨੀਆਂ ਭਰ 'ਚ ਨਿਖੇਧੀ ਕੀਤੀ ਜਾ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਕਿ ਤੋਂ ਸਾਹਮਣੇ ਆਏ ਇਨ੍ਹਾਂ ਮਾਮਲਿਆਂ ਵਿੱਚ ਭਾਰਤ ਦੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਕੌਮਾਂਤਰੀ ਪੱਧਰ 'ਤੇ ਚੁੱਕਣ। ਉੱਥੇ ਹੀ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਨਜੀਤ ਸਿੰਘ ਜੀਕੇ ਅਤੇ ਕਈ ਸਿੱਖ ਸੰਗਠਨ ਪਾਕਿਸਤਾਨ ਖ਼ਿਲਾਫ਼ ਸੋਮਵਾਰ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਕਰਨਗੇ। ਜੀਕੇ ਨੇ ਦਿੱਲੀ ਦੀ ਸਾਰਿਆਂ ਧਾਰਮਿਕ ਅਤੇ ਸਮਾਜਕ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੂੰ ਇਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ।