ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ ਦੇ ਸ਼ਿਖ਼ਰ ਸੰਮੇਲਨ 'ਚ ਹਿੱਸਾ ਲੈਣ ਲਈ ਦੋ ਦਿਨਾਂ ਬਿਸ਼ਕੇਕ ਦੌਰੇ 'ਤੇ ਹਨ। ਇਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਮੌਜੂਦ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦੋਹਾਂ ਨੇ ਨਾ ਤਾਂ ਇੱਕ-ਦੂਜੇ ਨਾਲ ਨਜ਼ਰਾਂ ਮਿਲਾਈਆਂ ਅਤੇ ਨਾ ਹੀ ਹੱਥ ਮਿਲਾਏ।
ਜਾਣਕਾਰੀ ਮੁਤਾਬਕ ਦੋਹਾਂ ਆਗੂਆਂ ਵਿਚਕਾਰ ਮੁਲਾਕਾਤ ਵੀ ਨਹੀਂ ਹੋਈ ਅਤੇ ਨਾ ਹੀ ਇਸ ਸੰਮੇਲਨ ਵਿੱਚ ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਵਿਚਕਾਰ ਕੋਈ ਗੱਲਬਾਤ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਖਰ ਸੰਮੇਲਨ ਵਿਚ ਮੌਜੂਦ ਸਾਰੇ ਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ ਪਰ ਇਮਰਾਨ ਖ਼ਾਨ ਨਾਲ ਹੱਥ ਨਹੀਂ ਮਿਲਾਇਆ ਜਦਕਿ ਰਾਤ ਦੇ ਖਾਣੇ ਦੌਰਾਨ ਦੋਵੇਂ ਆਗੂ ਇੱਕ ਹੀ ਸਮੇਂ ਹਾਲ ਵਿੱਚ ਦਾਖਲ ਹੋਏ ਸਨ।
ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਲਗਾਤਾਰ ਤਣਾਅ ਬਣਿਆ ਹੋਇਆ ਹੈ। ਹਾਲਾਂਕਿ, ਪਾਕਿਤਸਾਨ ਨੇ ਭਾਰਤ ਨਾਲ ਗੱਲਬਾਤ ਕਰਨ ਦੀ ਕਈ ਵਾਰ ਪੇਸ਼ਕਸ਼ ਕੀਤੀ ਹੈ ਪਰ ਭਾਰਤ ਇਸ ਦੇ ਲਈ ਤਿਆਰ ਨਹੀਂ ਹੈ।